JALANDHAR WEATHER

19 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

ਰਾਮ ਤੀਰਥ, 16 ਦਸੰਬਰ (ਧਰਵਿੰਦਰ ਸਿੰਘ ਔਲਖ ) - ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਮਾਹਲ ਦੇ 19 ਸਾਲਾ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਇਸ ਸੰਬੰਧੀ ਮ੍ਰਿਤਕ ਵਿਸ਼ਾਲ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਤਿੰਨ ਬੱਚੇ ਸਨ, ਜਿਨਾਂ ਵਿਚੋਂ ਇਕ ਦੀ ਥੋੜਾ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਦੂਸਰੇ ਪੁੱਤਰ ਵਿਸ਼ਾਲ ਸਿੰਘ ਦੀ ਮੌਤ ਹੋ ਗਈ ਹੈ, ਜੋ ਬਾਰਵੀਂ ਜਮਾਤ ਪਾਸ ਕਰਕੇ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਬੀਤੀ ਸ਼ਾਮ ਉਸ ਦੇ ਦੋਸਤਾਂ ਵਲੋਂ ਉਸ ਨੂੰ ਬਾਰ-ਬਾਰ ਫੋਨ ਕਰਕੇ ਬੁਲਾਇਆ ਜਾ ਰਿਹਾ ਸੀ ਤਾਂ ਜਦੋਂ ਉਹ ਘਰੋਂ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਪੀਰ ਬਾਬਾ ਲੱਖ ਦਾਤਾ ਜੀ ਦੇ ਸਮਾਪਤ ਹੋ ਚੁੱਕੇ ਮੇਲੇ ਦੇ ਵੱਡੇ ਹੋਡਿੰਗ ਬੋਰਡ ਨੂੰ ਘਰ ਦੇ ਉੱਪਰ ਰੱਖਣ ਲਈ ਕਿਹਾ। ਵਿਸ਼ਾਲ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਬੋਰਡ ਨੂੰ ਉਠਾਇਆ ਗਿਆ, ਜਿਸ ਦੇ ਪਿੱਛੇ ਲੱਗਾ ਲੋਹੇ ਦਾ ਐਂਗਲ ਘਰ ਦੇ ਅੱਗਿਓਂ ਲੰਘ ਰਹੀਆਂ ਬਿਜਲੀ ਦੀਆਂ ਮੇਨ ਸਪਲਾਈ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਿਆ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਵਿਸ਼ਾਲ ਨੂੰ ਜ਼ਬਰਦਸਤ ਝਟਕਾ ਲੱਗਾ, ਉਸ ਦੇ ਹੱਥ ਪੈਰ ਬੁਰੀ ਤਰ੍ਹਾਂ ਝੁਲਸ ਗਏ।

 

ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਦੋਸਤਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਸ਼ਾਲ ਨੂੰ ਕਿਸੇ ਤਰ੍ਹਾਂ ਦੀ ਕੋਈ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ। ਇਸ ਘਟਨਾ ਦੀ ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਉਸੇ ਵੇਲੇ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਜਾਂਚ ਕਰਨ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸੰਬੰਧੀ ਥਾਣਾ ਕੰਬੋਅ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ 'ਤੇ ਪਹੁੰਚ ਕੇ ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ