ਸਕੂਲੀ ਬੱਚਿਆਂ ਨਾਲ ਭਰੇ ਆਟੋ ਤੇ ਟਰਾਲੀ 'ਚ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਜਗਰਾਉਂ (ਲੁਧਿਆਣਾ), 10 ਸਤੰਬਰ (ਕੁਲਦੀਪ ਸਿੰਘ ਲੋਹਟ)-ਵਿਦਿਆਰਥੀਆਂ ਨਾਲ ਭਰੇ ਆਟੋ ਤੇ ਟਰੈਕਟਰ-ਟਰਾਲੀ ਦੇ ਟਕਰਾਅ ਨਾਲ ਦੋ ਸਕੂਲੀ ਵਿਦਿਆਰਥਣਾਂ ਜ਼ਖਮੀ ਹੋ ਗਈਆਂ ਤੇ ਭਿਆਨਕ ਹਾਦਸਾ ਹੋਣੋਂ ਟਲ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਗਰਾਉਂ ਦੇ ਕਲਿਆਣੀ ਹਸਪਤਾਲ ਕੋਲ ਜਾ ਰਹੇ ਟਰੈਕਟਰ-ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਾਈ ਅਤੇ ਇਕ ਆਟੋ ਉਸ ਨਾਲ ਟਕਰਾਅ ਗਿਆ। ਬੱਚੇ ਸਰਕਾਰੀ ਹਾਈ ਸਕੂਲ ਤੋਂ ਛੁੱਟੀ ਤੋਂ ਬਾਅਦ ਇਕ ਨਿੱਜੀ ਆਟੋ ਵਿਚ ਬੈਠ ਕੇ ਘਰ ਜਾ ਰਹੇ ਸਨ।
ਹਾਦਸੇ ਸਮੇਂ ਆਟੋ ਵਿਚ ਲਗਭਗ 10 ਬੱਚੇ ਸਨ। ਟਰਾਲੀ ਨਾਲ ਟੱਕਰ ਤੋਂ ਬਾਅਦ ਦੋ ਵਿਦਿਆਰਥਣਾਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਜਗਰਾਉਂ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿਚ ਹਫੜਾ-ਦਫੜੀ ਮਚ ਗਈ। ਆਟੋ ਚਾਲਕ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਚਾਲਕ ਨੇ ਅਚਾਨਕ ਬ੍ਰੇਕ ਲਾ ਦਿੱਤੀ ਸੀ, ਜਿਸ ਕਾਰਨ ਹਾਦਸਾ ਹੋਇਆ। ਚਾਲਕ ਨੇ ਦੋਸ਼ ਲਾਇਆ ਕਿ ਤੇਜ਼ ਰਫ਼ਤਾਰ ਕਾਰਨ ਆਟੋ ਨੇ ਡਰਾਈਵਰ ਨੂੰ ਟੱਕਰ ਮਾਰੀ। ਸਥਾਨਕ ਲੋਕਾਂ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਆਟੋ ਵਿਚ ਲੱਦਿਆ ਜਾਂਦਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਕੁਝ ਜ਼ਖਮੀ ਬੱਚਿਆਂ ਨੂੰ ਡਾਕਟਰਾਂ ਚੈੱਕਅਪ ਤੋਂ ਬਾਅਦ ਘਰ ਭੇਜ ਦਿੱਤਾ। ਗੰਭੀਰ ਰੂਪ ਵਿਚ ਜ਼ਖਮੀ ਦੋ ਵਿਦਿਆਰਥਣਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।