ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਲੋਂ ਮਿਲੀ ਰਾਹਤ

ਐੱਸ. ਏ. ਐੱਸ. ਨਗਰ, 10 ਸਤੰਬਰ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਲੋਂ ਅੱਜ ਮੁਲਾਕਾਤ ਅਤੇ ਬੈਰਕ ਬਦਲੀ ਮਾਮਲੇ ਵਿਚ ਰਾਹਤ ਮਿਲ ਗਈ ਹੈ। ਸੂਤਰਾਂ ਅਨੁਸਾਰ ਅੱਜ ਮੁਹਾਲੀ ਅਦਾਲਤ ਵਿਖੇ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਨੇ ਬਚਾਅ ਧਿਰ ਵਲੋਂ ਜੇਲ੍ਹ ਪ੍ਰਸ਼ਾਸਨ ਉਤੇ ਮਜੀਠੀਆ ਨਾਲ ਮੁਲਾਕਾਤ ਦੌਰਾਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਮਜੀਠੀਆ ਦੇ ਕਾਨੂੰਨੀ ਪ੍ਰਤੀਨਿਧੀ ਅਤੇ ਮੁਲਾਕਾਤ ਲਈ ਸੂਚੀਬੱਧ ਵਿਅਕਤੀ ਉਨ੍ਹਾਂ ਨਾਲ ਬਿਨਾਂ ਰੋਕ-ਟੋਕ ਤੇ ਇਕੱਲੇ ਮੁਲਾਕਾਤ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਅਨੁਸਾਰ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਵਿਖੇ ਨਜ਼ਰਬੰਦ ਮਜੀਠੀਆ ਨਾਲ ਮੁਲਾਕਾਤ ਸਮੇਂ ਬਹੁਤ ਸਾਰੀਆਂ ਦਿੱਕਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ। ਜਿਵੇਂ ਕਿ ਮੁਲਾਕਾਤ ਦਾ ਸਮਾਂ ਘਟਾਉਣਾ ਤੇ ਪਰਿਵਾਰਕ ਮੈਂਬਰਾਂ ਨੂੰ ਨਾ ਮਿਲਣ ਦੇਣਾ। ਮੁਹਾਲੀ ਅਦਾਲਤ ਨੇ ਇਸ ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਮਜੀਠੀਆ ਦੇ ਸੰਵਿਧਾਨਿਕ ਹੱਕਾਂ ਅਨੁਸਾਰ ਉਨ੍ਹਾਂ ਨੂੰ ਆਪਣੇ ਨਜ਼ਦੀਕੀਆਂ ਨਾਲ ਬਿਨਾਂ ਜੇਲ੍ਹ ਪ੍ਰਸ਼ਾਸਨ ਦੀ ਨਾਜਾਇਜ਼ ਦਖਲਅੰਦਾਜ਼ੀ ਦੇ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬੈਰਕ ਬਦਲੀ ਅਰਜ਼ੀ ਵਿਚ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਜੀਠੀਆ ਉੱਤੇ ਸਮੇਂ ਸਾਰਨੀ ਅਨੁਸਾਰ ਨਿਯਮਿਤ ਤੌਰ ਉਤੇ ਨਿਗਰਾਨੀ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਹਨ ਜਦਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਅੰਦਰ ਕੜੀ ਨਿਗਰਾਨੀ ਹੇਠ ਸਜ਼ਾ ਯਾਫਤਾ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ।