ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ’ਤੇ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਲੱਗਿਆ ਧਰਨਾ ਪੁਲਿਸ ਨੇ ਚੁਕਵਾਇਆ

ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਮੁੱਖ ਸੜਕ ’ਤੇ ਪਿੰਡ ਵੜਿੰਗ ਕੋਲ ਟੋਲ ਪਲਾਜ਼ੇ ’ਤੇ ਕਿਸਾਨਾਂ ਵਲੋਂ ਧਰਨਾ ਲਗਾਇਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਇਸ ਟੋਲ ਪਲਾਜ਼ੇ ’ਤੇ ਧਰਨਾ ਦੇ ਕੇ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਗਿਆ ਸੀ, ਕਿਉਂਕਿ ਇਥੋਂ ਨੇੜਲੇ ਪਿੰਡ ਝਬੇਲਵਾਲੀ ਵਿਖੇ ਸਰਹਿੰਦ ਅਤੇ ਰਾਜਸਥਾਨ ਫੀਡਰ ’ਤੇ ਪੁਲ ਬਹੁਤ ਖਸਤਾ ਹਾਲਤ ਵਿਚ ਹੈ, ਜਿਸ ਕਰਕੇ 2023 ਵਿਚ ਬੱਸ ਡਿੱਗਣ ਕਾਰਨ ਕਈ ਸਵਾਰੀਆਂ ਦੀ ਮੌਤ ਹੋ ਗਈ ਸੀ। ਇਸ ਮਗਰੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਲਗਾਤਾਰ ਧਰਨਾ ਦੇ ਕੇ ਟੋਲ ਪਲਾਜ਼ਾ ਬੰਦ ਕਰਵਾਇਆ ਅਤੇ ਮੰਗ ਕੀਤੀ ਗਈ ਸੀ ਕਿ ਇਸ ਪੁਲ ਅਤੇ ਸਾਰੀ ਸੜਕ ਨੂੰ ਠੀਕ ਕਰਕੇ ਹੀ ਟੋਲ ਪਲਾਜ਼ਾ ਲਾਇਆ ਜਾਵੇ।
ਕਰੀਬ ਦੋ ਕੁ ਮਹੀਨੇ ਪਹਿਲਾਂ ਪ੍ਰਸ਼ਾਸਨ ਅਤੇ ਕੰਪਨੀ ਦੇ ਭਰੋਸੇ ਮਗਰੋਂ ਇਹ ਧਰਨਾ ਚੁੱਕ ਦਿੱਤਾ ਗਿਆ ਸੀ ਕਿ ਪੁਲ ਦਾ ਕੰਮ ਚਾਲੂ ਕਰਵਾ ਦਿੱਤਾ ਜਾਵੇਗਾ ਪਰ ਇਲਾਕੇ ਦੇ ਲੋਕਾਂ ਵਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਟੋਲ ਪਲਾਜ਼ਾ ਫਿਰ ਹੀ ਲਾਇਆ ਜਾਵੇ ਜਦੋਂ ਇਹ ਪੁਲ ਬਣ ਕੇ ਤਿਆਰ ਹੋ ਜਾਵੇ, ਜਿਸ ਕਰਕੇ ਇਲਾਕੇ ਵਿਚ ਰੋਸ ਸੀ, ਇਸ ਰੋਸ ਨੂੰ ਵੇਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਦੁਬਾਰਾ ਇਸ ਜਗਾ ’ਤੇ ਧਰਨਾ ਦੇ ਕੇ ਟੋਲ ਪਲਾਜ਼ਾ ਬੰਦ ਕਰਵਾਇਆ। ਪਰ ਅੱਜ ਪੁਲਿਸ ਪ੍ਰਸ਼ਾਸਨ ਵਲੋਂ ਇਹ ਧਰਨਾ ਚੁਕਵਾ ਦਿੱਤਾ ਗਿਆ ਅਤੇ ਇਸ ਮੌਕੇ ਮਾਹੌਲ ਭੱਖ ਗਿਆ ਅਤੇ ਪੁਲਿਸ ਵਲੋਂ ਜ਼ਬਰਦਸਤੀ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਬੱਸ ਵਿਚ ਬਿਠਾ ਕੇ ਲੈ ਗਏ।