JALANDHAR WEATHER

12 ਸਾਲਾ ਅਗਵਾ ਹੋਇਆ ਬੱਚਾ ਸੀ.ਆਈ.ਡੀ. ਵਿਭਾਗ ਦੀ ਮੁਸਤੈਦੀ ਨਾਲ ਸਹੀ ਸਲਾਮਤ ਮਿਲਿਆ

ਅਹਿਮਦਗੜ੍ਹ, 31 ਜੁਲਾਈ (ਸੁਖਜੀਤ ਸਿੰਘ ਖੇੜਾ)-ਅਹਿਮਦਗੜ੍ਹ ਵਿਚ ਕਾਰ ਸਵਾਰ ਨਕਾਬਪੋਸ਼ ਕਿਡਨੈਪਰਾਂ ਵਲੋਂ ਦਿਨ-ਦਿਹਾੜੇ 12 ਸਾਲ ਦਾ ਬੱਚਾ ਅਗਵਾ ਕਰਨ ਦੀ ਸਨਸਨੀਖੇਜ਼ ਸੂੂਚਨਾ ਨੇ ਸ਼ਹਿਰ ਅੰਦਰ ਦਹਿਸ਼ਤ ਫੈਲਾ ਦਿੱਤੀ ਪਰ ਕੁਝ ਘੰਟਿਆਂ ਬਾਅਦ ਬੱਚਾ ਸਹੀ ਸਲਾਮਤ ਪਰਿਵਾਰ ਤੱਕ ਪਹੁੰਚਣ ਉਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਕਰੀਬ ਡੇਢ ਵਜੇ ਹਿੰਦ ਹਸਪਤਾਲ ਦੇ ਪਿਛਲੇ ਪਾਸੇ ਸੋਨੇ ਦਾ ਕੰਮ ਕਰਦੇ ਪਰਿਵਾਰ ਦਾ 12 ਸਾਲ ਦਾ ਬੱਚਾ ਆਪਣੀ ਚਾਚੀ ਨਾਲ ਸਕੂਟਰੀ ਉਤੇ ਸਵਾਰ ਹੋ ਕੇ ਉਥੇ ਮੌਜੂਦ ਬੁੱਕ ਬੈਂਕ ਤੋਂ ਕਿਤਾਬ ਲੈਣ ਗਿਆ ਸੀ ਕਿ ਅਚਾਨਕ ਪਿੱਛੇ ਤੋਂ ਆਈ ਚਿੱਟੇ ਰੰਗ ਦੀ ਕਾਰ ਵਿਚੋਂ ਉਤਰੇ ਨਕਾਬਪੋਸ਼ ਨੌਜਵਾਨ ਨੇ ਚਾਚੀ ਨੂੰ ਧੱਕਾ ਮਾਰ ਕੇ ਪਰੇ ਸੁੱਟ ਦਿੱਤਾ ਤੇ ਬੱਚੇ ਨੂੰ ਉਥੋਂ ਚੁੱਕ ਕੇ ਗੱਡੀ ਵਿਚ ਸੁੱਟ ਲਿਆ ਤੇ ਭੱਜਣ ਵਿਚ ਸਫਲ ਹੋ ਗਏ। ਨਾਲ ਦੀ ਨਾਲ ਹੀ ਕਿਡਨੈਪਰ ਨੇ ਬੱਚੇ ਦੀ ਚਾਚੀ ਨੂੰ ਫਿਰੌਤੀ ਅਤੇ ਧਮਕੀਆਂ ਸੰਬੰਧੀ ਪ੍ਰਿੰਟ ਪੇਪਰ ਵੀ ਫੜਾਏ ਤੇ ਫਰਾਰ ਹੋ ਗਏ।

ਲੋਕਾਂ ਤੋਂ ਪਤਾ ਲੱਗਾ ਕਿ ਇਹ ਕਾਰ ਕਰੀਬ 1 ਘੰਟਾ ਸ਼ਹਿਰ ਵਿਚ ਹੀ ਘੁੰਮਦੀ ਰਹੀ ਅਤੇ ਪੋਹੀੜ ਵਾਲੇ ਪਾਸੇ ਨੂੰ ਵੀ ਗਈ ਪਰ ਲੋਕਲ ਪੁਲਿਸ ਅਤੇ ਉੱਚ ਅਧਿਕਾਰੀ ਇਸ ਘਟਨਾ ਤੋਂ ਅਣਜਾਣ ਸਨ। ਸਗੋਂ ਪੁਲਿਸ ਦੇ ਸੀ.ਆਈ.ਡੀ. ਮਹਿਕਮੇ ਦੇ ਇੰਸਪੈਕਟਰ ਕਿਰਪਾਲ ਸਿੰਘ ਵਲੋਂ ਪਤਾ ਲੱਗਦਿਆਂ ਹੀ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਸ਼ਹਿਰ ਦੇ ਆਲੇ-ਦੁਆਲੇ ਦੀ ਨਾਕਾਬੰਦੀ ਕਰਵਾ ਦਿੱਤੀ ਗਈ, ਜਿਸ ਕਾਰਨ ਫੜੇ ਜਾਣ ਦੇ ਡਰ ਤੋਂ ਕਿਡਨੈਪਰ ਬੱਚੇ ਨੂੰ ਪੋਹੀੜ ਰੋਡ ਉਤੇ ਛੱਡ ਕੇ ਭੱਜ ਗਏ।

ਬੱਚੇ ਵਲੋਂ ਕਿਸੇ ਰਾਹਗੀਰ ਦੇ ਫੋਨ ਤੋਂ ਆਪਣੇ ਘਰ ਫੋਨ ਕਰਕੇ ਆਪਣੇ ਬਾਰੇ ਦੱਸਿਆ ਤਾਂ ਬੱਚੇ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਘਰ ਲੈ ਕੇ ਆਏ। ਇਸ ਦੌਰਾਨ ਹੀ ਐਸ.ਪੀ. ਰਾਜਨ ਸ਼ਰਮਾ ਵੀ ਬੱਚੇ ਦੇ ਘਰ ਪਹੁੰਚ ਗਏ। ਬੱਚੇ ਨੂੰ ਪੁੱਛਣ ਉਤੇ ਉਸ ਨੇ ਦੱਸਿਆ ਕਿ ਕਿਡਨੈਪਰਾਂ ਨੇ ਮੈਨੂੰ ਥੱਪੜ ਵੀ ਮਾਰੇ ਤੇ ਚਾਕੂ ਨਾਲ ਡਰਾਇਆ ਤੇ ਮੇਰੀਆਂ ਅੱਖਾਂ ਉਤੇ ਵੀ ਪੱਟੀ ਬੰਨ੍ਹ ਦਿੱਤੀ ਸੀ। ਬੱਚਾ ਮਿਲਣ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ।

ਕਿਡਨੈਪਰਾਂ ਵਲੋਂ ਜੋ ਫਿਰੌਤੀ ਸੰਬੰਧੀ ਜਾਂ ਪਰਿਵਾਰ ਸੰਬੰਧੀ ਜੋ ਟਾਈਪ ਕਰਕੇ ਲਿਖਿਆ ਗਿਆ ਹੈ, ਉਹ ਹੈਰਾਨੀਜਨਕ ਬਣਿਆ ਹੋਇਆ ਹੈ ਕਿ ਪਰਿਵਾਰ ਦੀਆਂ ਅੰਦਰੂਨੀ ਗੱਲਾਂ ਤੇ 4 ਕਿਲੋ ਸੋਨਾ ਆਦਿ ਮੰਗਣ ਦੀ ਹੀ ਮੰਗ ਕਿਉਂ ਕੀਤੀ ਅਤੇ ਕਈ ਹੋਰ ਪਰਿਵਾਰਕ ਗੱਲਾਂ ਬਾਰੇ ਬਾਰੀਕੀ ਨਾਲ ਪਤਾ ਹੋਣਾ ਇਕ ਬੁਝਾਰਤ ਬਣਿਆ ਹੋਇਆ ਹੈ। ਇੰਨੀ ਅੰਦਰੂਨੀ ਜਾਣਕਾਰੀ ਉਨ੍ਹਾਂ ਨੂੰ ਕਿਵੇਂ ਪਤਾ ਲੱਗੀ। ਇਸ ਘਟਨਾ ਸੰਬੰਧੀ ਜੇਕਰ ਪੁਲਿਸ ਅਧਿਕਾਰੀ ਬਾਰੀਕੀ ਨਾਲ ਇਸ ਦੀ ਜਾਂਚ ਕਰਨ ਤਾਂ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ