ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ’ਚ ਸ਼ਾਮਿਲ ਦੂਜੇ ਦੋਸ਼ੀ ਦਾ ਪੁਲਿਸ ਵਲੋਂ ਐਨਕਾਊਂਟਰ

ਪਟਨਾ, 8 ਜੁਲਾਈ- ਬਿਹਾਰ ਦੇ ਵੱਡੇ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦੇ ਦੂਜੇ ਦੋਸ਼ੀ ਨੂੰ ਪੁਲਿਸ ਨੇ ਇਕ ਮੁਕਾਬਲੇ ਵਿਚ ਮਾਰ ਦਿੱਤਾ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰਨ ਗਈ ਸੀ ਪਰ ਉਸਨੇ ਪੁਲਿਸ ਵਾਲਿਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਗੋਲੀਬਾਰੀ ਦੌਰਾਨ ਉਸ ਨੂੰ ਪੁਲਿਸ ਦੀ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਟਨਾ ਵਿਚ ਹਫੜਾ-ਦਫੜੀ ਮਚ ਗਈ। ਪੁਲਿਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਵਿਕਾਸ ਵੀ ਉਮੇਸ਼ ਦੇ ਨਾਲ ਮੌਜੂਦ ਸੀ। ਇਸ ਦੇ ਨਾਲ ਹੀ ਉਸ ’ਤੇ ਵਿਕਾਸ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਵੀ ਦੋਸ਼ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸੋਮਵਾਰ ਨੂੰ ਉਮੇਸ਼ ਕੁਮਾਰ ਉਰਫ਼ ਵਿਜੇ ਸਾਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਮੇਸ਼ ਕੁਮਾਰ ਉਰਫ਼ ਵਿਜੇ ਸਾਹਨੀ ਪਟਨਾ ਸ਼ਹਿਰ ਦੇ ਮਾਲ ਸਲਾਮੀ ਦਾ ਰਹਿਣ ਵਾਲਾ ਹੈ। ਅੰਦਰੂਨੀ ਜਾਣਕਾਰੀ ਅਨੁਸਾਰ ਘਟਨਾ ਵਿਚ ਵਰਤਿਆ ਗਿਆ ਦੋਪਹੀਆ ਵਾਹਨ, ਹਥਿਆਰ ਅਤੇ ਸੁਪਾਰੀ ਵਜੋਂ ਦਿੱਤੇ ਗਏ ਲਗਭਗ ਤਿੰਨ ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ।
ਇਹ ਵੀ ਪਤਾ ਚੱਲ ਰਿਹਾ ਹੈ ਕਿ ਕਤਲ ਦਾ ਠੇਕਾ ਦੇਣ ਵਾਲਾ ਵਿਅਕਤੀ ਨਾਲੰਦਾ ਦਾ ਰਹਿਣ ਵਾਲਾ ਅਸ਼ੋਕ ਸਾਵ ਹੈ, ਜੋ ਅਜੇ ਵੀ ਪੁਲਿਸ ਦੀ ਪਕੜ ਤੋਂ ਫਰਾਰ ਹੈ। ਪੁਲਿਸ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਇਸ ਸਮੇਂ ਪੁਲਿਸ ਉਮੇਸ਼ ਕੁਮਾਰ ਉਰਫ਼ ਵਿਜੇ ਸਾਹਨੀ ਤੋਂ ਪੁਛਗਿੱਛ ਕਰ ਰਹੀ ਹੈ।