ਸ਼ਾਹਕੋਟ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਕੀਤੇ ਕਾਬੂ

ਸ਼ਾਹਕੋਟ, (ਜਲੰਧਰ), 7 ਜੁਲਾਈ- ਜਲੰਧਰ ਦਿਹਾਤੀ ਪੁਲਿਸ ਵਲੋਂ ਅੱਜ ਸਵੇਰੇ ਸ਼ਾਹਕੋਟ ਵਿਚ ਦੋ ਬਦਮਾਸ਼ਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਸ਼ਾਹਕੋਟ ਦੇ ਕੋਟਲੀ ਗਾਜਰਾਂ ਰੇਲਵੇ ਥਾਣਾ ਖੇਤਰ ਵਿਚ ਵਾਪਰੀ, ਜਿਥੇ ਕਿ ਪੁਲਿਸ ਪਾਰਟੀ ਅਤੇ ਦੋ ਗੈਂਗਸਟਰਾਂ ਵਿਚਕਾਰ ਮੁਠਭੇੜ ਹੋਈ ਹੈ। ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਦੋਵੇਂ ਦੋਸ਼ੀ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ’ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ। ਦੋਵਾਂ ਗੈਂਗਸਟਰਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।
ਪੁਲਿਸ ਅਨੁਸਾਰ ਸ਼ਾਹਕੋਟ ਫਾਟਕ ਪੁਲ ਦੇ ਹੇਠਾਂ ਦੋਵਾਂ ਸ਼ੱਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਤੇ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਦੋਵੇਂ ਦੋਸ਼ੀ ਗੋਲੀਆਂ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਦੋਵਾਂ ਨੂੰ ਮੌਕੇ ’ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਹਥਿਆਰ ਅਤੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ। ਫਿਲਹਾਲ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਘਟਨਾ ਤੋਂ ਤੁਰੰਤ ਬਾਅਦ ਜਾਣਕਾਰੀ ਮਿਲਣ ’ਤੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਦੋਵਾਂ ਗੈਂਗਸਟਰਾਂ ਵਿਰੁੱਧ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿਚ ਮਾਮਲੇ ਦਰਜ ਹਨ ਅਤੇ ਉਨ੍ਹਾਂ ਵਲੋਂ ਹੋਰ ਕਿਹੜੇ-ਕਿਹੜੇ ਅਪਰਾਧ ਕੀਤੇ ਗਏ ਹਨ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਕਿਹੜੇ ਅਪਰਾਧ ਕਰਨ ਦੀ ਸਾਜ਼ਿਸ਼ ਬਣਾ ਰਹੇ ਸਨ।