-ਟੀ-20 ਮਹਿਲਾ ਕ੍ਰਿਕਟ-
ਇੰਗਲੈਂਡ ਨੇ ਕੀਤੀ ਵਾਪਸੀ ਭਾਰਤ ਨੂੰ 5 ਦੌੜਾਂ ਨਾਲ ਹਰਾਇਆ

ਲੰਡਨ, 5 ਜੁਲਾਈ, (ਪੀ.ਟੀ.ਆਈ.)-ਇੰਗਲੈਂਡ ਦੀ ਮਹਿਲਾ ਕਿ੍ਕਟ ਟੀਮ ਨੇ ਤੀਜੇ ਟੀ-20 ਮੈਚ 'ਚ ਭਾਰਤ ਨੂੰ 5 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 'ਚ ਜ਼ਬਰਦਸਤ ਵਾਪਸੀ ਕੀਤੀ ਹੈ | ਲੰਡਨ ਦੇ ਕੇਨਿੰਗਟਨ ਓਵਲ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ 9 ਵਿਕਟਾਂ 'ਤੇ 171 ਦੌੜਾਂ ਬਣਾਈਆਂ | ਜਵਾਬ 'ਚ ਭਾਰਤ ਇਕ ਸਮੇਂ ਚੰਗੀ ਸਥਿਤੀ 'ਚ ਦਿਖਾਈ ਦਿੱਤਾ | ਸਮਿ੍ਤੀ ਮੰਧਾਨਾ (56) ਤੇ ਸ਼ੇਫਾਲੀ ਵਰਮਾ (47) ਨੇ ਪਹਿਲੀ ਵਿਕਟ ਲਈ 85 ਦੌੜਾਂ ਜੋੜੀਆਂ, ਪਰ ਇਸ ਤੋਂ ਬਾਅਦ ਭਾਰਤ ਦੀ ਬੱਲੇਬਾਜ਼ੀ ਲੜਖੜਾ ਗਈ |
ਇੰਗਲੈਂਡ ਨੇ ਭਾਰਤ ਨੂੰ 20 ਓਵਰਾਂ 'ਚ 5 ਵਿਕਟਾਂ 'ਤੇ 166 ਦੌੜਾਂ ਤੱਕ ਸੀਮਤ ਕਰ ਦਿੱਤਾ | ਹਾਲਾਂਕਿ, ਭਾਰਤੀ ਟੀਮ ਅਜੇ ਵੀ ਲੜੀ 'ਚ 2-1 ਨਾਲ ਅੱਗੇ ਹੈ | ਲੜੀ ਦਾ ਚੌਥਾ ਮੈਚ 9 ਜੁਲਾਈ ਨੂੰ ਮੈਨਚੈਸਟਰ ਦੇ ਓਲਡ ਟਰੈਫੋਰਡ 'ਚ ਖੇਡਿਆ ਜਾਵੇਗਾ | ਭਾਰਤ ਦੀਆਂ ਨਜ਼ਰਾਂ ਪਹਿਲੀ ਵਾਰ ਇੰਗਲੈਂਡ ਵਿਰੁੱਧ ਟੀ-20 ਲੜੀ ਜਿੱਤਣ 'ਤੇ ਟਿਕੀਆਂ ਹੋਈਆਂ ਸਨ |