ਮਾਲੇਰਕੋਟਲਾ ਦੇ ਨੌਜਵਾਨ ਨੇ ਸਰੀ 'ਚ ਕੀਤੀ ਖ਼ੁਦਕੁਸ਼ੀ

ਮਾਲੇਰਕੋਟਲਾ, ਸੰਦੌੜ, 21 ਜੂਨ (ਮਨਜਿੰਦਰ ਸਿੰਘ ਸਰੌਦ, ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਤੋਂ ਰੋਜ਼ੀ ਰੋਟੀ ਖਾਤਰ ਪ੍ਰਦੇਸ ਗਏ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਬੀਤੇ ਕੱਲ੍ਹ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬੀੜ ਅਹਿਮਦਾਬਾਦ ਦੇ ਨੌਜਵਾਨ ਹਰਮਨਜੋਤ ਸਿੰਘ (22) ਨੇ ਕੈਨੇਡਾ ਦੇ ਸਰੀ ਵਿਖੇ ਮੌਤ ਨੂੰ ਗਲ ਲਗਾ ਲਿਆ। ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਉਹ ਸ਼ੁਰੂ ਤੋਂ ਆਪਣੇ ਨਾਨਕੇ ਪਿੰਡ ਰਹਿੰਦਾ ਸੀ। ਜਾਣਕਾਰੀ ਦਿੰਦਿਆਂ ਉਕਤ ਨੌਜਵਾਨ ਦੇ ਮਾਮੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਸਾਢੇ 4 ਸਾਲ ਪਹਿਲਾਂ ਲੱਖਾਂ ਰੁਪਏ ਲਗਾ ਕੇ ਕੈਨੇਡਾ ਗਿਆ ਸੀ ਤੇ ਹੁਣ ਵਰਕ ਪਰਮਿਟ 'ਤੇ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਹੀ ਉਸ ਨੇ ਆਪਣੇ ਭਾਣਜੇ ਹਰਮਨਜੋਤ ਨਾਲ ਗੱਲ ਕੀਤੀ ਸੀ ਪਰ ਅੱਜ ਉਸ ਨੇ ਫੋਨ ਨਹੀਂ ਚੁੱਕਿਆ ਤੇ ਹੁਣ ਇਹ ਭਾਣਾ ਵਾਪਰ ਗਿਆ। ਉਨ੍ਹਾਂ ਆਖਿਆ ਕਿ ਹਾਲਾਤ ਤੋਂ ਜਾਪ ਰਿਹਾ ਹੈ ਕਿ ਹਰਮਨ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਮਨ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਅਸੀਂ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ। ਧਰਮਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।