ਛੱਤੀਸਗੜ੍ਹ: ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿਚ ਮਹਿਲਾ ਨਕਸਲੀ ਢੇਰ

ਕਾਂਕੇਰ, 20 ਜੂਨ- ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿਚ ਅੱਜ ਸਵੇਰੇ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿਚ ਇਕ ਮਹਿਲਾ ਨਕਸਲੀ ਮਾਰੀ ਗਈ। ਕਾਂਕੇਰ ਦੀ ਸੁਪਰਡੈਂਟ ਆਫ਼ ਪੁਲਿਸ ਇੰਦਰਾ ਕਲਿਆਣ ਏਲੇਸੇਲਾ ਨੇ ਦੱਸਿਆ ਕਿ ਛੋਟਾਬੇਠੀਆ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਇਕ ਜੰਗਲੀ ਪਹਾੜੀ ’ਤੇ ਗੋਲੀਬਾਰੀ ਹੋਈ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀ ਇਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕੋਟਰੀ ਨਦੀ ਦੇ ਦੂਜੇ ਪਾਸੇ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਦੇ ਮੈਂਬਰਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਆਧਾਰ ’ਤੇ ਅਮਾਟੋਲਾ ਅਤੇ ਕਲਪਰ ਪਿੰਡਾਂ ਵਿਚਕਾਰ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ। ਉੁਨ੍ਹਾਂ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਹੁਣ ਤੱਕ ਇਕ ਔਰਤ ਨਕਸਲੀ ਦੀ ਲਾਸ਼ ਹਥਿਆਰ ਸਮੇਤ ਬਰਾਮਦ ਕੀਤੀ ਗਈ ਹੈ, ਜਦੋਂ ਕਿ ਇਲਾਕੇ ਵਿਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਹੋਰ ਵੇਰਵੇ ਬਾਅਦ ਵਿਚ ਸਾਂਝੇ ਕੀਤੇ ਜਾਣਗੇ।