JALANDHAR WEATHER

ਡੀ.ਸੀ. ਵਲੋਂ ਮਾਣਮੱਤੀ ਪ੍ਰਾਪਤੀ ਲਈ ਚਾਰੂਵਰੱਤ ਬੈਂਸ ਦਾ ਸਨਮਾਨ

ਕਪੂਰਥਲਾ, 13 ਜੂਨ (ਅਮਰਜੀਤ ਕੋਮਲ)-ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਦੇ ਵਿਦਿਆਰਥੀ ਤੇ ਪੀ.ਐਸ. ਅਧਿਕਾਰੀ ਲਾਲ ਵਿਸ਼ਵਾਸ ਬੈਂਸ ਤੇ ਐਨ.ਆਈ.ਈ.ਟੀ. ਜਲੰਧਰ ਦੀ ਸਹਾਇਕ ਪ੍ਰੋਫੈਸਰ ਸ਼ੀਤਲ ਸੋਢਾ ਦਾ ਪੁੱਤਰ ਚਾਰੂਵਰੱਤ ਬੈਂਸ ਨੂੰ ਚੀਨ ਵਿਚ ਹੋਣ ਵਾਲੀ 18ਵੀਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪੀਆਡ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ | ਵਰਨਣਯੋਗ ਹੈ ਕਿ ਸਖ਼ਤ ਪ੍ਰਕਿਰਿਆ ਤੋਂ ਬਾਅਦ ਦੇਸ਼ ਭਰ ਵਿਚੋਂ ਕੇਵਲ 4 ਵਿਦਿਆਰਥੀ ਹੀ ਇਸ ਅੰਤਰਰਾਸ਼ਟਰੀ ਓਲੰਪੀਆਡ ਲਈ ਚੁਣੇ ਗਏ ਹਨ, ਜੋ 7 ਅਗਸਤ ਤੋਂ 17 ਅਗਸਤ ਤੱਕ ਹੋਣ ਵਾਲੀ ਇਸ ਓਲੰਪੀਆਡ ਵਿਚ ਚੀਨ ਦੇ ਜਿਨਿੰਗ ਸ਼ਹਿਰ ਵਿਚ ਭਾਰਤ ਦਾ ਤਿਰੰਗਾ ਲਹਿਰਾਉਣਗੇ। ਦੱਸਿਆ ਜਾਂਦਾ ਹੈ ਕਿ ਚਾਰੂਵਰੱਤ ਬੈਂਸ ਵਲੋਂ ਇੰਡੀਅਨ ਨੈਸ਼ਨਲ ਅਰਥ ਸਾਇੰਸ ਓਲੰਪੀਆਡ 2025 ਦਾ ਆਲ ਇੰਡੀਆ ਐਂਟਰੈਂਸ ਟੈਸਟ ਪਾਸ ਕੀਤਾ ਗਿਆ ਤੇ ਬਾਅਦ ਵਿਚ ਉਨ੍ਹਾਂ ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਪੂਣੇ ਤੋਂ ਬੀਤੀ 9 ਮਈ ਤੋਂ 2 ਜੂਨ ਤੱਕ ਇਸ ਸਬੰਧੀ ਲੋੜੀਂਦੀ ਸਿਖਲਾਈ ਵੀ ਪ੍ਰਾਪਤ ਕੀਤੀ ਹੈ। ਚੀਨ ਲਈ ਰਵਾਨਾ ਹੋਣ ਤੋਂ ਪਹਿਲਾਂ ਚਾਰੂਵਰੱਤ ਬੈਂਸ ਅੰਨਾ ਯੂਨੀਵਰਸਿਟੀ ਚੇਨਈ ਵਿਖੇ 28 ਜੁਲਾਈ ਤੋਂ 5 ਅਗਸਤ ਤੱਕ ਇਕ ਸਿਖਲਾਈ ਕੈਂਪ ਵਿਚ ਸ਼ਮੂਲੀਅਤ ਕਰੇਗਾ। ਇਸੇ ਦੌਰਾਨ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਚਾਰੂਵਰੱਤ ਬੈਂਸ ਦੀ ਇਹ ਮਾਣਮੱਤੀ ਪ੍ਰਾਪਤੀ ਨਾ ਕੇਵਲ ਕਪੂਰਥਲਾ, ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਚਾਰੂਵਰੱਤ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਛੋਟੇ ਜਿਹੇ ਸ਼ਹਿਰ ਕਪੂਰਥਲਾ ਦਾ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਪ੍ਰਤੀਨਿਧਤਾ ਕਰੇਗਾ ਤੇ ਇਸ ਨਾਲ ਹੋਰ ਵਿਦਿਆਰਥੀ ਵੀ ਪ੍ਰੇਰਿਤ ਹੋਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ