ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
ਚੋਗਾਵਾਂ (ਅੰਮ੍ਰਿਤਸਰ), 12 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਤੇ ਡੀ.ਐਸ.ਪੀ. ਦਫਤਰ ਤੋਂ ਕੁਝ ਦੂਰੀ ਉਤੇ ਕਸਬਾ ਚੋਗਾਵਾਂ ਵਿਖੇ ਚੋਰਾਂ ਨੇ ਬੀਤੀ ਰਾਤ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ, ਚਾਂਦੀ ਦੇ ਲੱਖਾਂ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਕਦੀ ਸਮੇਤ ਦੁਕਾਨ ਵਿਚ ਪਈ ਤਿਜੋਰੀ ਚੋਰੀ ਕਰ ਲਈ। ਇਸੇ ਤਰ੍ਹਾਂ ਅੱਜ ਚਿੱਟੇ ਦਿਨ ਮੋਟਰਸਾਈਕਲ ਸਵਾਰ ਨੇ ਇਕ ਕਰਿਆਨੇ ਦੀ ਦੁਕਾਨ ਅੰਦਰ ਦਾਖਲ ਹੋ ਕੇ ਪਿਸਤੌਲ ਦਿਖਾ ਕੇ ਹਜ਼ਾਰਾਂ ਦੀ ਨਕਦੀ ਖੋਹ ਲਈ ਤੇ ਫਰਾਰ ਹੋ ਗਏ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਬਲਾਕ ਪ੍ਰਧਾਨ ਬਾਬਾ ਰਾਜਨ ਸਿੰਘ ਮੌੜੇ ਕਲਾਂ ਨੇ ਕਿਹਾ ਕਿ ਕਸਬੇ ਵਿਚ ਆਏ ਦਿਨ ਚੋਰਾਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਮੂਹ ਦੁਕਾਨਦਾਰਾਂ ਵਿਚ ਭਾਰੀ ਸਹਿਮ ਦਾ ਮਾਹੌਲ ਹੈ। ਉਨ੍ਹਾਂ ਜ਼ਿਲ੍ਹੇ ਦੇ ਐਸ.ਐਸ.ਪੀ. ਦਿਹਾਤੀ ਤੋਂ ਮੰਗ ਕੀਤੀ ਕਿ ਕਸਬਾ ਚੋਗਾਵਾਂ 'ਚ ਪੱਕਾ ਨਾਕਾ ਤੇ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ।