24-08-2025
ਨਦੀਏ ਤੇਰਾ ਕੀ ਸਿਰਨਾਵਾਂ
ਲੇਖਕ : ਕੇਸਰ ਕਰਮਜੀਤ
ਪ੍ਰਕਾਸ਼ਕ: ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁੁਪਏ, ਸਫ਼ੇ : 80
ਸੰਪਰਕ : 70097-67394
ਕੇਸਰ ਕਰਮਜੀਤ ਪੰਜਾਬੀ ਗ਼ਜ਼ਲ ਦੀ ਨਵੀਂ ਪ੍ਰਾਪਤੀ ਹੈ ਜੋ ਕਾਫ਼ੀ ਸਮੇਂ ਤੋਂ ਗ਼ਜ਼ਲ ਲਿਖ ਰਿਹਾ ਹੈ, ਪਰ ਉਸ ਨੂੰ ਪਹਿਚਾਣ ਦੋ ਗ਼ਜ਼ਲ ਸੰਗ੍ਰਹਿਾਂ ਦੇ ਛਪਣ ਉਪਰੰਤ ਮਿਲੀ ਹੈ। ਸਮਰੱਥ ਗ਼ਜ਼ਲਕਾਰਾਂ ਨਾਲ ਕੀਤੇ ਮਸ਼ਵਰਿਆਂ ਬਾਅਦ ਉਸ ਨੇ ਗ਼ਜ਼ਲ ਲੇਖਣ ਨੂੰ ਸਮਝਿਆ ਤੇ ਜਾਣਿਆ ਹੈ। ਉਸ ਦੀ ਪਹਿਲੀ ਪੁਸਤਕ 'ਦਿਨ ਢਲੇ' ਤੋਂ ਉਪਰੰਤ 'ਨਦੀਏ ਤੇਰਾ ਕੀ ਸਿਰਨਾਵਾਂ' ਨੇ ਉਸ ਦੀ ਸ਼ਨਾਖ਼ਤ ਨੂੰ ਹੋਰ ਗੂੜ੍ਹਾ ਕੀਤਾ ਹੈ। 80 ਸਫ਼ਿਆਂ ਦਾ ਇਹ ਗ਼ਜ਼ਲ ਸੰਗ੍ਰਹਿ ਉਸ ਦੇ ਅਨੁਭਵ ਤੇ ਗ਼ਜ਼ਲ ਸ਼ਿਲਪ ਦੀ ਖ਼ੂਬਸੂਰਤ ਗਵਾਹੀ ਦਿੰਦਾ ਹੈ। ਗ਼ਜ਼ਲ ਦੀ ਇਮਾਰਤ ਦੀਆਂ ਨੀਹਾਂ ਬਹਿਰ ਤੇ ਸ਼ਬਦਾਂ ਦੇ ਵਜ਼ਨ ਤੋਂ ਸ਼ੁਰੂ ਹੁੰਦੀਆਂ ਹਨ। ਇਸ ਸੰਗ੍ਰਹਿ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਮੁੱਢਲੀਆਂ ਲੋੜਾਂ ਦਾ ਉਸ ਨੂੰ ਚੋਖਾ ਗਿਆਨ ਹੈ। ਵਿਸ਼ੇ ਦੀ ਚੋਣ, ਨਿਭਾਅ ਤੇ ਸ਼ਿਅਰ ਦੀ ਬੁਲੰਦੀ ਦਾ ਵੀ ਆਪਣਾ ਆਪਣਾ ਮਹੱਤਵ ਹੈ ਜਿਨ੍ਹਾਂ 'ਤੇ ਗ਼ਜ਼ਲਕਾਰ ਨੇ ਮਿਹਨਤ ਕੀਤੀ ਜਾਪਦੀ ਹੈ। ਕੇਸਰ ਦੀਆਂ ਗ਼ਜ਼ਲਾਂ ਰੌਸ਼ਨੀ ਦੀ ਤਲਾਸ਼ ਵਿਚ ਹਨ ਤੇ ਹਨ੍ਹੇਰੇ ਨੂੰ ਉਹ ਕਿਸਮਤ ਕਹਿਣ ਤੋਂ ਮੁਨਕਰ ਹੈ। ਉਸ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਹੱਥਾਂ 'ਤੇ ਯਕੀਨ ਕਰਦਾ ਹੈ। ਗ਼ਜ਼ਲਕਾਰ ਦੇ ਦਿਲ ਨੂੰ ਕਦੀ ਹਲਕੀ ਹਲਕੀ ਕੰਬਣੀ ਵੀ ਜ਼ਲਜ਼ਲਾ ਮਹਿਸੂਸ ਹੁੰਦੀ ਹੈ ਤੇ ਕਦੀ ਕਦੀ ਪੋਹ ਦੀ ਠੰਢਕ ਤੇ ਹਾੜ੍ਹ ਦੀ ਗਰਮੀ ਵੀ ਉਸ ਨੂੰ ਇਕਸਾਰ ਮਹਿਸੂਸ ਹੁੰਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਤਿੰਨ ਨੰਬਰ ਗ਼ਜ਼ਲ ਭਾਵੇਂ ਸਿਰਫ਼ ਚਾਰ ਸ਼ਿਅਰਾਂ ਦੀ ਹੈ ਪਰ ਇਸ ਦੀ ਤਰਲਤਾ ਤੇ ਚਾਲ ਉਸ ਦੀ ਸਮਰੱਥਾ ਨੂੰ ਦਰਸਾਉਂਦੇ ਹਨ। ਇਨ੍ਹਾਂ ਗ਼ਜ਼ਲਾਂ ਵਿਚ ਮੁਹੱਬਤੀ ਰੰਗ ਵੀ ਹੈ, ਥੋੜ੍ਹੀ ਥੋੜ੍ਹੀ ਉਦਾਸੀ ਵੀ ਤੇ ਚੜ੍ਹਦੀ ਕਲਾ ਜਲੌਅ ਵੀ ਹੈ। ਇਨ੍ਹਾਂ ਗ਼ਜ਼ਲਾਂ 'ਚੋਂ ਕੁੱਝ ਦੀਆਂ ਰਦੀਫ਼ਾਂ ਅਸਲੋਂ ਨਵੀਆਂ ਹਨ ਤੇ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰਾਂ ਦੀ ਗਿਣਤੀ ਆਮ ਤੌਰ 'ਤੇ ਘੱਟ ਰੱਖੀ ਗਈ ਹੈ। ਆਸਟ੍ਰੇਲੀਆ ਵਰਗੇ ਦੇਸ਼ ਵਿਚ ਵਸਦਿਆਂ ਆਪਣੀ ਬੋਲੀ ਨੂੰ ਦਿਲ ਵਿਚ ਵਸਾਈ ਰੱਖਣਾ ਤੇ ਫਿਰ ਉਸ ਵਿਚ ਗ਼ਜ਼ਲਕਾਰੀ ਕਰਨਾ ਉਤਸ਼ਾਹ ਵਰਧਕ ਹੈ। ਇਸ ਲਈ ਕੁੱਝ ਜਗ੍ਹਾ ਹੋਇਆ ਅਵੇਸਲਾਪਨ ਅੱਖੋਂ ਪ੍ਰੋਖੇ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ 'ਨਦੀਏ ਤੇਰਾ ਕੀ ਸਿਰਨਾਵਾਂ' ਸਵਾਗਤਯੋਗ ਗ਼ਜ਼ਲ ਸੰਗ੍ਰਹਿ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਪਲ ਦੋ ਪਲ
(ਜਿੰਦਰ ਨਾਲ ਲੰਬੀ ਮੁਲਾਕਾਤ)
ਲੇਖਕ : ਗੁਰਬੀਰ ਸਿੰਘ ਬਰਾੜ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ: 195 ਰੁਪਏ, ਸਫ਼ੇ : 112
ਸੰਪਰਕ : 9815073801
ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਜੁੜੇ ਅਤੇ ਪੇਸ਼ੇ ਵਜੋਂ ਕਾਲਜ ਅਧਿਆਪਕ ਇਸ ਮੁਲਾਕਾਤੀ ਪੁਸਤਕ ਦੇ ਲੇਖਕ ਗੁਰਬੀਰ ਸਿੰਘ ਬਰਾੜ ਨੇ ਅੱਠ ਪੁਸਤਕਾਂ ਦੀ ਸਿਰਜਣਾ ਕਰਕੇ ਜਿੱਥੇ ਮਾਂ ਬੋਲੀ ਪੰਜਾਬੀ ਦੇ ਸਾਹਿਤਕ ਖਜ਼ਾਨੇ ਵਿਚ ਵਾਧਾ ਕੀਤਾ ਹੈ ਉੱਥੇ ਨਾਮਵਰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਹੋਣ ਦਾ ਮਾਣ ਵੀ ਹਾਸਲ ਕੀਤਾ ਹੈ। ਉਸ ਨੇ ਇਹ ਪੁਸਤਕ ਪੂਨਮ ਰੰਧਾਵਾ ਸੰਧੂ, ਸੰਦੀਪ ਸਿੰਘ ਰੰਧਾਵਾ ਨੂੰ ਸਮਰਪਿਤ ਕੀਤੀ ਹੈ । ਮੁਲਾਕਾਤ ਲਿਖਣਾ ਉਹ ਵੀ ਜਿੰਦਰ ਵਰਗੀ ਸਿਰਮੌਰ ਸਾਹਿਤਕ ਸ਼ਖਸ਼ੀਅਤ ਦੀ ਵਿਸਥਾਰ ਨਾਲ ਪੁਸਤਕ ਦੇ ਰੂਪ 'ਚ ਆਪਣੇ-ਆਪ ਵਿਚ ਵਿਲੱਖਣ, ਟੇਢਾ ਅਤੇ ਔਖਾ ਕਾਰਜ ਹੈ । ਐਨੀ ਲੰਬੀ ਮੁਲਾਕਾਤ ਲਈ ਦੋਹਾਂ ਧਿਰਾਂ ਵਲੋਂ ਸੰਵਾਦ ਰਚਾਉਣ ਲਈ ਇਸ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢਣਾ ਆਪਣੇ-ਆਪ ਵਿਚ ਚੁਣੌਤੀ ਭਰਪੂਰ ਪ੍ਰਕਿਰਿਆ ਹੈ, ਜਿਸ ਨੂੰ ਲੇਖਕ ਨੇ ਬਹੁਤ ਹੀ ਸੁੱਚਜੇ ਢੰਗ ਨਾਲ ਨੇਪਰੇ ਚੜ੍ਹਾਇਆ ਹੈ। ਕਿਸੇ ਵੀ ਨਾਮਵਰ ਸ਼ਖ਼ਸੀਅਤ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਲੇਖਕ ਨੂੰ ਉਸ ਦੀ ਨਿੱਜੀ ਜ਼ਿੰਦਗੀ ਦੇ ਹਰ ਪੱਖ, ਉਸ ਦੇ ਸਮਾਜਿਕ ਪ੍ਰਭਾਵ, ਸੁਭਾਅ, ਪੇਸ਼ੇ, ਪ੍ਰਾਪਤੀਆਂ, ਦ੍ਰਿਸ਼ਟੀਕੋਣ, ਸਾਹਿਤਕ ਕਾਰਜਾਂ, ਬੋਲ ਚਾਲ, ਵਿਵਹਾਰ, ਪਰਿਵਾਰ, ਮਿੱਤਰਾਂ ਦੋਸਤਾਂ ਅਤੇ ਮਿਲਵਰਤਣ ਬਾਰੇ ਡੂੰਘੀਆਂ ਪਰਤਾਂ ਫਰੋਲਣੀਆਂ ਪੈਂਦੀਆਂ ਹਨ। ਉਸ ਦੀ ਲਿਖਿਤ ਵਿਚੋਂ ਨਿਰਪੱਖਤਾ ਝਲਕਣੀ ਚਾਹੀਦੀ ਹੈ । ਭਾਵੁਕਤਾ ਅਤੇ ਸੰਵੇਦਨਸ਼ੀਲਤਾ ਤੋਂ ਲਾਂਭੇ ਅਤੇ ਬੇਖੌਫ ਹੋਕੇ ਆਪਣੀ ਕਲਮ ਚਲਾਉਣੀ ਪੈਂਦੀ ਹੈ।
ਆਪਣੀ ਕਲਾ ਨਾਲ ਸੰਬੰਧਿਤ ਸ਼ਖ਼ਸੀਅਤ ਤੋਂ ਉਸ ਦੇ ਮਨ ਦੀਆਂ ਉਹ ਗੱਲਾਂ ਵੀ ਕਢਵਾਉਣੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉਹ ਸਾਂਝੀਆਂ ਕਰਨ ਲਈ ਤਿਆਰ ਨਹੀਂ ਹੁੰਦਾ। ਪਾਠਕਾਂ ਸਾਹਮਣੇ ਉਸ ਦੀ ਜ਼ਿੰਦਗੀ ਦੇ ਉਹ ਪੱਖ ਵੀ ਪੇਸ਼ ਕਰਨੇ ਹੁੰਦੇ ਹਨ, ਜਿਨ੍ਹਾਂ ਤੋਂ ਉਹ ਜਾਣੂ ਨਹੀਂ ਹੁੰਦੇ। ਲੇਖਕ ਦੀ ਲਿਖਿਤ ਦੇ ਮਿਆਰ ਅਤੇ ਸਫ਼ਲਤਾ ਦਾ ਫ਼ੈਸਲਾ ਪਾਠਕਾਂ ਦੇ ਹੁੰਗਾਰੇ ਤੋਂ ਹੀ ਹੁੰਦਾ ਹੈ। ਜੇਕਰ ਗੁਰਬੀਰ ਸਿੰਘ ਬਰਾੜ ਦੀ ਜਿੰਦਰ ਨਾਲ ਮੁਲਾਕਾਤ ਬਾਰੇ ਗੱਲ ਕੀਤੀ ਜਾ ਵੇ ਤਾਂ ਪੁਸਤਕ ਦੇ ਆਰੰਭਿਕ ਸ਼ਬਦਾਂ ਤੋਂ ਹੀ ਮੁਲਾਕਾਤੀ ਲੇਖਕ ਦੇ ਗਿਆਨ, ਭਾਸ਼ਾ ਉੱਤੇ ਪਕੜ, ਸੰਵਾਦ ਰਚਾਉਣ ਦੀ ਕਲਾ, ਸੁਆਦਲੀ ਪੇਸ਼ਕਾਰੀ ਅਤੇ ਮੁਲਾਕਾਤ ਨੂੰ ਨਿਰਪੱਖ ਹੋ ਕੇ ਉਕੇਰਨ ਦੇ ਗੁਰਾਂ ਦਾ ਪਤਾ ਚੱਲ ਜਾਂਦਾ ਹੈ। ਉਸ ਨੇ ਇਸ ਮੁਲਾਕਾਤੀ ਪੁਸਤਕ ਵਿਚ ਪਾਠਕਾਂ ਦੇ ਚਹੇਤੇ ਲੇਖਕ ਜਿੰਦਰ ਦੀ ਜ਼ਿੰਦਗੀ ਦੇ ਉਨ੍ਹਾਂ ਪੱਖਾਂ ਨੂੰ ਵੀ ਉਭਾਰਿਆ ਹੈ ਜਿਨ੍ਹਾਂ ਤੋਂ ਉਹ ਅਨ ਜਾਣ ਸਨ। ਸਭ ਤੋਂ ਪਹਿਲਾਂ ਸਾਹਿਤ ਜਗਤ 'ਚ ਪਾਠਕਾਂ ਦੀ ਨਜ਼ਰ ਵਿਚ ਉਸ ਦੀ ਪਹਿਚਾਣ 'ਜਿੰਦਰ' ਦੇ ਨਾਲ ਹੈ ਪਰ ਉਸ ਦਾ ਪੂਰਾ ਨਾਂਅ ਹਰਜਿੰਦਰ ਪਾਲ ਹੈ। ਸਾਹਿਤ ਦੇ ਪਿੜ 'ਚ ਉਹ ਪੰਜਾਬੀ ਭਾਸ਼ਾ ਦੇ ਨਾਮਵਰ ਕਹਾਣੀਕਾਰ ਵਜੋਂ ਸਥਾਪਿਤ ਹੈ ਪਰ ਉਸ ਨੇ ਸਾਹਿਤ ਦੀਆਂ ਕਈ ਵਿਧਾਵਾਂ 'ਚ ਨਿੱਠ ਕੇ ਲਿਖਿਆ ਹੈ। ਉਸ ਦੀਆਂ ਲਿਖਿਤਾਂ ਦਾ ਦੇਸ਼-ਵਿਦੇਸ਼ 'ਚ ਦੂਜੀਆਂ ਭਾਸ਼ਾਵਾਂ 'ਚ ਵੀ ਅਨੁਵਾਦ ਹੋਇਆ ਹੈ। ਉਸ ਦੀ ਵਿੱਦਿਅਕ ਯੋਗਤਾ ਅਤੇ ਉਸ ਦਾ ਪੇਸ਼ੇ ਵਜੋਂ ਮਾਰਕੀਟ ਕਮੇਟੀ 'ਚ ਆਕਸ਼ਨ ਰਿਕਾਰਡਰ, ਮੁਨੀਮੀ, ਪਰੂਫ ਰੀਡਰ ਅਤੇ ਟਰਾਂਸਪੋਰਟ ਵਿਭਾਗ ਵਿਚ ਆਡੀਟਰ ਤੱਕ ਦਾ ਸਫ਼ਰ ਉਸ ਦੇ ਮਿਹਨਤੀ ਹੋਣ ਦੀ ਗਵਾਹੀ ਭਰਦਾ ਹੈ।
ਮੁਲਾਕਾਤੀ ਲੇਖਕ ਨੇ ਜਿੰਦਰ ਦੀ ਸੰਘਰਸ਼ ਭਰਪੂਰ ਜ਼ਿੰਦਗੀ ਤੋਂ ਲੈ ਕੇ ਸਾਹਿਤ ਅਕਾਦਮੀ ਦਿੱਲੀ ਦੇ ਮਾਣਮੱਤੇ ਸਾਹਿਤਕ ਪੁਰਸਕਾਰ ਦੀ ਪ੍ਰਾਪਤੀ ਤੱਕ ਬਹੁਤ ਹੀ ਦਿਲਚਸਪ ਸ਼ੈਲੀ ਵਿਚ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਗੁਰਬੀਰ ਸਿੰਘ ਬਰਾੜ ਦੀ ਇਸ ਮੁਲਾਕਾਤੀ ਪੁਸਤਕ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਉਸ ਨੇ ਜਿੰਦਰ ਦੇ ਚੇਤ ਅਚੇਤ ਮਨ ਦੀਆਂ ਪਰਤਾਂ ਨੂੰ ਪੂਰੀ ਡੂੰਘਾਈ ਨਾਲ ਕੁਰੇਦਿਆ ਹੈ, ਇਸ ਵਿਚੋਂ ਉਸ ਦੀ ਨਿਰਪੱਖਤਾ ਝਲਕਦੀ ਹੈ। ਉਸ ਦੇ ਸੰਵਾਦ ਰਚਾਉਣ ਅਤੇ ਵਿਅੰਗ ਉਸਾਰਨ ਵਿਚ ਰੌਚਿਕਤਾ ਮਹਿਸੂਸ ਹੁੰਦੀ ਹੈ। ਲੇਖਕ ਨੇ ਜਿੰਦਰ ਦੇ ਸੁਭਾਅ, ਸੋਚ, ਦ੍ਰਿਸ਼ਟੀਕੋਣ, ਮੇਲ-ਮਿਲਾਪ, ਵਿਵਹਾਰ, ਸਾਹਿਤਕ ਘੇਰੇ ਅਤੇ ਉਸ ਦੀ ਨਿੱਜੀ ਜ਼ਿੰਦਗੀ ਦੇ ਹਰ ਪੱਖ ਨੂੰ ਪੇਸ਼ ਕਰਕੇ ਇਕ ਵਿਲੱਖਣ ਸਾਹਿਤਕ ਕਾਰਜ ਕੀਤਾ ਹੈ। ਪੁਸਤਕ ਦੀ ਭਾਸ਼ਾ, ਘਟਨਾਵਾਂ ਦੀ ਵਿਉਂਤਬੰਦੀ, ਸ਼ਬਦ ਚੋਣ ਅਤੇ ਪੇਸ਼ਕਾਰੀ ਲੇਖਕ ਦੀ ਸਾਹਿਤਕ ਮੁਸਤੈਦੀ ਦਾ ਪ੍ਰਮਾਣ ਹੈ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਸੂਰਜਾਂ ਦੀ ਭਾਲ ਵਿਚ
ਲੇਖਕ : ਭੁਪਿੰਦਰ ਸੰਧੂ ਬਠਿੰਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 96461-08157
ਪੰਜਾਬੀ ਗ਼ਜ਼ਲ ਅਰਬੀ, ਫਾਰਸੀ ਅਤੇ ਨਾ ਉਰਦੂ ਦੇ ਪੈਰ ਚਿੰਨ੍ਹਾਂ 'ਤੇ ਚੱਲੀ ਅਤੇ ਨਾ ਬਾਦਸ਼ਾਹਾਂ, ਰਜਵਾੜਿਆਂ ਦੀਆਂ ਹਵੇਲੀਆਂ ਵਿਚ ਮੁਜਰਾਗਤ ਰਹੀ। ਪੰਜਾਬੀ ਗ਼ਜ਼ਲ ਪੰਜਾਬੀਆਂ ਦੇ ਕਲਚਰ 'ਚ ਜਵਾਨ ਹੋਈ। ਇਹ ਪ੍ਰੋਫ਼ੈਸਰਾਂ, ਡਾਕਟਰਾਂ ਦੇ ਥੀਸਿਸਾਂ ਵਿਚ ਜੁਆਨ ਨਹੀਂ ਹੋਈ, ਸਗੋਂ ਇਹ ਹੱਕ ਸੱਚ ਲਈ ਲੜਦੇ ਲੋਕਾਂ ਦੇ ਕੱਚੇ ਘਰਾਂ ਵਿਚ ਮੁਟਿਆਰ ਹੋਈ। ਸੁਲੱਖਣ ਸਰਹੱਦੀ ਦੇ ਸ਼ਿਅਰ ਪੰਜਾਬੀ ਗ਼ਜ਼ਲ ਦੀ ਸਾਰਥਕ ਵਿਆਖਿਆ ਲਈ ਕਾਫ਼ੀ ਸਮਝੇ ਜਾਂਦੇ ਰਹੇ ਹਨ:
1. ਕਦੋਂ ਦੀ ਮਰ ਗਈ ਹੁੰਦੀ
ਜੇ ਰਹਿੰਦੀ ਥੀਸਿਸਾਂ ਅੰਦਰ,
ਗ਼ਜ਼ਲ ਮੁਟਿਆਰ ਹੋਈ ਹੈ
ਕਿ ਮਿੱਟੀ ਦੇ ਘਰਾਂ ਅੰਦਰ।
2. ਨਿਰੀ ਹੋਠਾਂ ਦੀ ਲਾਲੀ ਨਈਂ
ਕਲੇਜੇ ਦਾ ਲਹੂ ਵੀ ਲਿਖ,
ਗ਼ਜ਼ਲ ਵਿਚ ਬਹੁਤ ਕੁਝ ਹੁੰਦੈ
ਤੂੰ ਕੇਵਲ ਕਾਫ਼ੀਆ ਨਾ ਦੇ।
ਪੰਜਾਬੀ ਗ਼ਜ਼ਲ ਨਾ ਤਾਂ ਥੀਸਿਸਾਂ ਦੀਆਂ ਡੰਗੋਰੀਆਂ ਦਾ ਆਸਰਾ ਭਾਲਦੀ ਹੈ ਅਤੇ ਨਾ 'ਕੇਵਲ ਕਾਫੀਆ' ਉੱਤੇ ਨਿਰਭਰ ਹੈ। ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀਆਂ ਦੀ ਸਮੁੱਚੀ ਕਹਾਣੀ ਤੇ ਜ਼ਿੰਦਗਾਨੀ ਹੈ। ਇਹ ਸਾਬਤ ਕੀਤਾ ਹੈ ਹਥਲੀ ਪੁਸਤਕ ਦੇ ਸ਼ਾਇਰ ਭੁਪਿੰਦਰ ਸੰਧੂ ਬਠਿੰਡਾ ਨੇ।
ਪੁਸਤਕ ਦੇ ਮੁੱਖ ਬੰਦ ਦੋਹੇ ਗ਼ਜ਼ਲ ਵਿਦਵਾਨਾਂ ਨੇ ਲਿਖ ਕੇ ਹਥਲੀ ਗ਼ਜ਼ਲ ਪੁਸਤਕ ਦੀਆਂ ਗ਼ਜ਼ਲਾਂ ਦੇ ਉੱਚਪਾਏ ਦੀਆਂ ਹੋਣ ਦੀ ਗੁਆਹੀ ਦਿੱਤੀ ਹੈ। ਇਹ ਵਿਦਵਾਨ ਹਨ ਸੁਲੱਖਣ ਸਰਹੱਦੀ ਅਤੇ ਜਸਪਾਲ ਮਾਨਖੇੜਾ। ਪੁਸਤਕ ਦੇ ਬੈਕ ਟਾਈਟਲ ਉੱਤੇ ਅਮਰਦੀਪ ਗਿੱਲ ਬਠਿੰਡਾ ਲਿਖਦੇ ਹਨ : ਭੁਪਿੰਦਰ ਬਚਪਨ ਤੋਂ ਹੀ ਸਾਹਿਤ ਸਮਾਜ ਅਤੇ ਪ੍ਰਗਤੀਸ਼ੀਲ ਵਿਚਾਰਦਾਰਾ ਨਾਲ ਜੁੜ ਕੇ ਤੁਰ ਰਿਹਾ ਹੈ, ਉਸ ਨੂੰ ਮਨੁੱਖਤਾ ਦੇ ਨੈਤਿਕ ਪਤਨ ਅਤੇ ਬੇਹਿਸਤਾ ਉੱਤੇ ਖਿੱਝ ਚੜ੍ਹਦੀ ਹੈ। ਉਹ ਦਸਮੇਸ਼ ਪਿਤਾ ਦੇ ਕਲਚਰ ਵਿਚ ਰਹਿ ਕੇ ਔਰੰਗਿਆਂ ਨਾਲ ਜੂਝਦੇ ਰਹਿਣਾ ਪਸੰਦ ਕਰਦਾ ਹੈ। ਅਮਰਦੀਪ ਗਿੱਲ ਦੇ ਸ਼ਿਅਰ ਚੇਤਨਾ ਦੇ ਸੂਰਜ ਹਨ। ਉਹ ਚੇਤਨਾ ਤੇ ਚਿੰਤਨ ਦੇ ਸੂਰਜਾਂ ਦੀ ਹਮੇਸ਼ਾ ਭਾਲ ਵਿਚ ਰਹਿੰਦਾ ਹੈ। ਉਸ ਨੂੰ ਪਤਾ ਹੈ ਕਿ ਚਾਨਣ ਦੇ ਬਿਨਾਂ ਅੱਖਾਂ ਵੀ ਬਲੌਰ-ਗੀਟੇ ਬਣ ਜਾਂਦੀਆਂ ਹਨ। ਹਨੇਰੇ ਵਿਚ ਕੁਝ ਵੀ ਨਹੀਂ ਦਿਸਦਾ ਇਸ ਲਈ ਉਹ ਹਨੇਰ ਨੂੰ ਹਮੇਸ਼ਾ ਨਿੰਦਦਾ ਹੈ। ਉਸ ਦੇ ਕੁਝ ਸ਼ਿਅਰ ਵੇਖੋ :
-ਰਾਤ ਹੈ ਇਹ ਘੁਪ ਹਨੇਰੀ ਸੂਰਜਾ,
ਹੁਣ ਬੜੀ ਹੈ ਲੋੜ ਤੇਰੀ ਸੂਰਜਾ।
-ਸਾਂਝ ਸਾਡੀ ਕਦ ਰਹੀ ਦਿਲ ਹਾਰਿਆਂ ਦੇ ਨਾਲ,
ਦੋਸਤੀ ਰੱਖੀ ਅਸੀਂ ਤਾਂ ਆਰਿਆਂ ਦੇ ਨਾਲ।
-ਸੜਕਾਂ 'ਤੇ ਪਾਣੀ ਦੀ ਤਰ੍ਹਾਂ ਸਾਡਾ ਬੜਾ ਵਗਿਆ ਲਹੂ,
ਕਿਉਂ ਹੋ ਗਿਆ ਹੈ ਇਸ ਤਰ੍ਹਾਂ ਸਾਡਾ ਬੇਕਦਰਾ ਲਹੂ।
ਸੂਰਜਾਂ ਦੀ ਭਾਲ ਵਿਚਲੇ ਸਮੁੱਚੇ ਸ਼ਿਅਰ ਖ਼ੁਦ ਸੂਰਜ ਹਨ ਜੇ ਤੁਸੀਂ ਹਨੇਰਾ ਦੂਰ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਵਿਚ ਕੁਝ ਸੂਰਜ ਤੁਸੀਂ ਖ਼ੁਦ ਭਾਲੋ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਅਰਬਿੰਦੋ
ਲੇਖਕ : ਅਸ਼ਵਨੀ ਗੁਪਤਾ
ਪ੍ਰਕਾਸ਼ਕ : ਪਰੱਗਿਆ ਸਾਹਿਤ ਪ੍ਰਕਾਸ਼ਨ, ਮੋਗਾ
ਮੁੱਲ : 800 ਰੁਪਏ, ਸਫੇ : 506
ਸੰਪਰਕ : 094642-93764
ਵਿਚਾਰਧੀਨ ਨਾਵਲ ਅਰਬਿੰਦੋ ਦੀ ਜੀਵਨੀ 'ਤੇ ਆਧਾਰਿਤ ਹੈ। ਇਸ ਵਡਅਕਾਰੀ ਨਾਵਲ ਦੇ ਕਥਾਨਕ ਦੀਆਂ ਮੁੱਖ ਘਟਨਾਵਾਂ ਕਰਮਵਾਰ ਕੈਂਬਰਿਜ ਯੂਨੀਵਰਸਿਟੀ, ਬੜੌਦਾ, ਕਲਕੱਤਾ ਅਤੇ ਪਾਂਡੂਚਿਰੀ ਵਿਚ ਵਾਪਰਦੀਆਂ ਹਨ। ਇਸ ਨਾਵਲ ਵਿਚ ਥਾਂ-ਪੁਰ-ਥਾਂ ਦਿੱਤੀ ਜਾਣਕਾਰੀ 'ਪੁੱਠੇ ਕਾਮਿਆਂ' (ਇਨਵਰਟਡ ਕਾਮਿਆਂ) ਵਿਚ ਪੇਸ਼ ਕੀਤੀ ਨੋਟ ਕੀਤੀ ਜਾ ਸਕਦੀ ਹੈ। ਇਹ ਵਿਧੀ ਲੇਖਕ ਵਲੋਂ ਇਸ ਲਈ ਲਾਗੂ ਕੀਤੀ ਜਾਪਦੀ ਹੈ ਕਿਉਂਕਿ 'ਨਾਇਕ' ਸੰਬੰਧੀ ਪ੍ਰਮਾਣਿਕ ਜਾਣਕਾਰੀ ਦੇਣੀ ਜ਼ਰੂਰੀ ਅਤੇ ਲਾਹੇਵੰਦ ਹੈ। ਡਾਇਰੀਆਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ, ਅਰਬਿੰਦੋ ਦੇ ਪਿਤਾ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ 'ਆਈ.ਸੀ.ਐਸ.' ਕਰਕੇ ਵੱਡਾ ਅਧਿਕਾਰੀ ਬਣੇ, ਪਰ ਹੋਰ ਪੇਪਰਾਂ 'ਚੋਂ ਸ਼ਾਨਦਾਰ ਪ੍ਰਾਪਤੀ ਕਰਕੇ ਅਰਬਿੰਦੋ ਘੋੜ-ਸਵਾਰੀ ਦੇ ਪ੍ਰੈਕਟੀਕਲ ਵਿਚ ਸ਼ਾਮਿਲ ਨਹੀਂ ਹੋ ਸਕਿਆ। ਡਿਗਰੀ ਅਧੂਰੀ ਰਹਿ ਗਈ। ਉਸ ਦੀ ਪ੍ਰਤਿਭਾ ਨੂੰ ਪਛਾਣ ਕੇ ਮਹਾਰਾਜਾ ਬੜੌਦਾ 'ਗਾਇਕਵਾੜ' ਨੇ ਉਸ ਨੂੰ ਆਪਣੀ ਰਿਆਸਤ ਵਿਚ ਆਉਣ ਦਾ ਸੱਦਾ ਦਿੱਤਾ। ਮੰਦੇ ਭਾਗਾਂ ਨੂੰ ਉਨ੍ਹਾਂ ਦਿਨਾਂ ਵਿਚ ਇਕ ਸਮੁੰਦਰੀ ਜਹਾਜ਼ ਡੁੱਬ ਗਿਆ ਸੀ। ਪਿਤਾ ਡਾ. ਕ੍ਰਿਸ਼ਨਨ ਘੋਸ਼ ਨੇ ਸਮਝਿਆ ਕਿ ਉਸ ਦੇ ਪੁੱਤਰ ਦੀ ਮੌਤ ਹੋ ਗਈ। ਸਦਮੇ ਵਿਚ ਪਿਤਾ ਦੀ ਮੌਤ ਹੋ ਗਈ। ਗਾਇਕਵਾੜ ਨੇ ਅਰਬਿੰਦੋ ਨੂੰ ਉੱਚੇ ਅਹੁਦੇ ਦਿੱਤੇ, ਕਾਲਜ ਪ੍ਰਿੰਸੀਪਲ ਵੀ ਬਣਾਇਆ। ਉਸ ਨੂੰ ਪਤਾ ਲੱਗਿਆ ਕਿ ਬੰਗਾਲ ਵਿਚ ਲਾਰਡ ਕਰਜਨ ਨੇ ਹਿੰਦੂ ਮੁਸਲਮਾਨਾਂ ਵਿਚ ਪਾੜਾ ਪਾ ਕੇ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਅਪਣਾਈ ਸੀ। ਲੇਖਕ ਨੇ ਦੱਸਿਆ ਹੈ ਅਰੰਿਬਦੋ ਦੇ ਮਨ ਵਿਚ ਭਾਰਤ ਮਾਂ ਦੀ ਆਜ਼ਾਦੀ ਲਈ ਸੰਘਰਸ਼ ਕਰਨ ਦੀ ਤੀਬਰ ਇੱਛਾ ਪੈਦਾ ਹੋ ਗਈ। ਮਹਾਰਾਜ ਦੇ ਰੋਕਣ ਦੇ ਬਾਵਜੂਦ ਅਰਬਿੰਦੋ ਨੇ ਪ੍ਰਿੰਸੀਪਲ ਵਜੋਂ ਅਸਤੀਫਾ ਦੇ ਦਿੱਤਾ। ਅਰਬਿੰਦੋ ਪੱਛਮੀ ਅਤੇ ਭਾਰਤੀ ਅਨੇਕਾਂ ਭਾਸ਼ਾਵਾਂ ਦਾ ਜਾਣੂ ਸੀ। ਕਲਕੱਤੇ ਆ ਕੇ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਅੱਗ ਉਗਲਦੇ ਲੇਖ 'ਵੰਦੇ ਮਾਤਰਮ', 'ਯੁਗਾਂਤਰ' ਆਦਿ ਅਨੇਕਾਂ ਸਮਕਾਲੀ ਪੱਤ੍ਰਿਕਾਵਾਂ ਵਿਚ ਛਪਣ ਲਈ ਲਿਖਣ ਦੇ ਕਾਰਜ ਵਿਚ ਜੁਟ ਗਿਆ। ਫਲਸਰੂਪ ਬ੍ਰਿਟਿਸ਼ ਸਰਕਾਰ ਵਲੋਂ 'ਮੋਸਟ ਵਾਂਟਡ' ਐਲਾਨਿਆ ਗਿਆ। ਪੁਲਿਸ ਤੋਂ ਡੰਡੇ ਵੀ ਖਾਧੇ। ਅਲੀਪੁਰ ਦੀ ਜੇਲ੍ਹ ਵਿਚ 12 ਮਹੀਨੇ ਤਸੀਹੇ ਝੱਲੇ, ਫਿਰ ਵੀ ਨਾ ਟਿਕਿਆ। ਨਵੇਂ ਵਾਰੰਟ ਜਾਰੀ ਹੋਣ ਤੋਂ ਪਹਿਲਾਂ ਜਿਵੇਂ-ਕਿਵੇਂ, ਫਰਾਂਸੀਸੀ ਅਧਿਕਾਰ ਖੇਤਰ ਵਿਚ ਪਾਂਡਿਚਰੀ ਪਹੁੰਚ ਗਿਆ। ਉਹ ਗਾਂਧੀ ਨਹਿਰੂ ਦੀ ਨਰਮਦਲੀ ਨੀਤੀ ਨਾਲ ਸਹਿਮਤ ਨਹੀਂ ਸੀ। ਬਾਲ-ਪਾਲ-ਲਾਲ ਦੀ ਗਰਮਦਲੀਆਂ ਦੀ ਨੀਤੀ ਦਾ ਸਮਰਥਕ ਸੀ। ਉਸ ਦਾ ਵਿਆਹ 'ਮ੍ਰਿਣਾਵਲੀ' ਨਾਲ ਹੋਇਆ ਸੀ ਜੋ ਪਾਂਡੂਚਰੀ ਆਉਣ ਸਮੇਂ ਮਹਾਂਮਾਰੀ ਨਾਲ ਮਰ ਗਈ ਸੀ, ਛੋਟਾ ਭਰਾ ਬਾਰਿੰਦਰ ਵੀ ਕ੍ਰਾਂਤੀਕਾਰੀ ਸੀ। ਪਾਂਡੂਚਰੀ ਰਹਿੰਦਿਆਂ ਸੋਚ ਨੇ ਕਰਵਟ ਲਈ। ਉਹ ਅਧਿਆਤਮ-ਪਰਮਾਤਮਾ ਦੇ ਰਾਹ ਪੈ ਕੇ ਪੱਕਾ ਸਨਾਤਨੀ ਬਣ ਗਿਆ। ਉਥੇ ਉਸ ਦੇ ਅਨੇਕਾਂ ਸ਼ਰਧਾਲੂ ਬਣੇ। ਹੋਰਨਾਂ ਬੰਦਿਆਂ ਤੋਂ ਇਲਾਵਾ ਔਰਤਾਂ 'ਮੀਰਾ' ਅਤੇ 'ਡੋਰਥੀ' ਵੀ ਸ਼ਰਧਾਲੂ ਬਣੀਆਂ। ਰੋਜ਼ਾਨਾ ਸਤਸੰਗ ਹੋਣ ਲੱਗਾ। ਫਰਾਂਸੀਸੀ ਔਰਤ ਮੀਰਾ 'ਮਾਂ ਸ੍ਰੀ' ਦੀ ਪਦਵੀ ਪ੍ਰਾਪਤ ਹੋਈ। ਉਸ ਦਾ ਛੋਟਾ ਕ੍ਰਾਂਤੀਕਾਰੀ ਭਰਾ ਕਾਲੇਪਾਣੀ ਦੀ ਕੈਦ ਕੱਟ ਕੇ ਆਇਆ ਸੀ। ਦੇਸ਼ ਆਜ਼ਾਦ ਹੋਇਆ। ਉਹ (ਅਰਬਿੰਦੋ) 1947 ਦੇ ਦੰਗਿਆਂ ਤੋਂ ਪੀੜਤ ਹੋਇਆ। ਉਸ ਨੂੰ ਵੇਦ-ਪੁਰਾਣ, ਗੀਤਾ, ਮਹਾਂਭਾਰਤ ਦਾ ਡੂੰਘਾ ਅਧਿਐਨ ਕੀਤਾ। ਉਹ ਵਾਸੂਦੇਵ ਭਗਵਾਨ ਅਤੇ ਅੰਤਰਕਰਨ ਦੀ ਸੁਣਦਾ ਸੀ। ਉਸ ਦੀ ਮਾਨਸਿਕ ਪ੍ਰਕਿਰਿਆ 'ਅੰਧਕਾਰ ਤੋਂ ਰੌਸ਼ਨੀ ਵੱਲ' ਹੋ ਗਈ ਸੀ। ਆਰੀਆ ਮੈਗਜ਼ੀਨ ਦੇ ਅੰਗਰੇਜ਼ੀ ਅਤੇ ਫਰਾਂਸੀਸੀ ਅੰਕ ਕੱਢੇ। ਆਖਰੀ ਦਿਨਾਂ ਵਿਚ ਸਾਵਿਤਰੀ ਮਹਾਂਕਾਵਿ ਮੁਕੰਮਲ ਕੀਤਾ। 15 ਅਗਸਤ, 47 ਨੂੰ ਤ੍ਰਿਚੀ ਅਤੇ ਮਦਰਾਸ ਦੇ 'ਆਲ ਇੰਡੀਆ ਰੇਡੀਓ' ਤੋਂ ਕੌਮ ਦੇ ਨਾਂਅ ਸੰਦੇਸ਼ ਦਿੱਤਾ। ਪੰ: 479. ਸ਼ਰਧਾਲੂਆਂ ਨੇ ਆਪ ਦੀ 75ਵੇਂ ਵਰ੍ਹੇ ਗੰਢ ਤੇ ਗੋਲਡ ਜੁਬਲੀ ਮਨਾਈ। 'ਸ੍ਰੀ-ਮਾਤਾ' ਦੀ ਇੱਛਾ ਅਨੁਸਾਰ ਪਾਂਡਿਚਰੀ ਵਿਖੇ, ਮ੍ਰਿਤੂ ਉਪਰੰਤ, ਸ਼ਾਨਦਾਰ ਸਮਾਧੀ ਬਣਾਈ ਗਈ। ਨਾਵਲ ਵਿਚ ਅਨੇਕਾਂ ਪ੍ਰਕਰਹੀਆਂ ਅਤੇ ਪਤਾਕੇ ਨੇ ਪਾਤਰਾਂ ਦੀ ਭਰਮਾਰ ਹੈ। ਸਭ ਬਾਰੇ ਜਾਣਕਾਰੀ ਦਿੱਤੀ ਗਈ। ਨਾਵਲ ਦੀ ਮੁੱਖ ਜੁਗਤ ਸੰਵਾਦ ਨੇ। ਸੰਖੇਪ ਇਹ ਕਿ 'ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ' ਗੰਭੀਰ ਅਧਇਏਤਾ ਹੀ ਇਸ ਨਾਵਲ ਦਾ ਮੁੱਲ ਪਾ ਸਕਦੇ ਨੇ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ: vatish.dharamchand@gmail.com
ਆਪੋ ਆਪਣੀ ਪ੍ਰਵਾਜ਼
ਸੰਪਾਦਕ : ਸਾਹਿਤਕ ਸੱਥ ਖਰੜ, ਮੁਹਾਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ :94638-37388
ਸਾਹਿਤ ਵਿਚ ਸਭਾਵਾਂ ਅਤੇ ਸੱਥਾਂ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਨੂੰ ਅਜਿਹੇ ਪਲੇਟਫਾਰਮਾਂ ਨਾਲ ਤੁਲਨਾਇਆ ਜਾ ਸਕਦਾ ਹੈ ਜਿੱਥੇ ਸਾਹਿਤਕਾਰ ਸਮੂਹਿਕ ਰੂਪ ਵਿਚ ਆਪੋ-ਆਪਣੇ ਉਦਗਾਰਾਂ, ਆਕਾਂਖਿਆਵਾਂ, ਸੁਪਨਿਆਂ ਅਤੇ ਮਨੋਰਥਾਂ ਨੂੰ ਪ੍ਰਸਤੁਤ ਕਰ ਕੇ ਸਕੂਨ ਪ੍ਰਾਪਤ ਕਰਦੇ ਹਨ। ਇਹ ਸੰਸਥਾਵਾਂ ਨਵੀਂ ਪੀੜ੍ਹੀ ਦੇ ਕਲਮਕਾਰ ਆਪਣੇ ਤੋਂ ਪਹਿਲਾਂ ਵਾਲੀ ਪੀੜ੍ਹੀ ਦੇ ਤਜਰਬਿਆਂ, ਉਨ੍ਹਾਂ ਦੀ ਲੇਖਣੀ ਦੇ ਅੰਦਾਜ਼-ਬਿਆਂ ਅਤੇ ਅਦਾਇਗੀ ਤੋਂ ਬਹੁਤ ਕੁਝ ਸਿੱਖਦੇ ਹਨ ਅਤੇ ਖ਼ੁਦ ਵੀ ਸਾਹਿਤਕ-ਗਗਨ ਤੇ ਚਮਕਣ ਲਈ ਯਤਨ ਕਰਦੇ ਰਹਿੰਦੇ ਹਨ। ਸਾਹਿਤਕ ਸੱਥ ਖਰੜ (ਮੁਹਾਲੀ) ਅਜਿਹੀਆਂ ਹੀ ਸਾਹਿਤਕ ਸਭਾਵਾਂ ਵਿਚੋਂ ਇਕ ਹੈ ਜੋ ਸਮੇਂ-ਸਮੇਂ 'ਤੇ ਖਰੜ, ਮੁਹਾਲੀ ਅਤੇ ਇਸ ਦੇ ਆਸ-ਪਾਸ ਦੇ ਹੋਰ ਇਲਾਕਿਆਂ ਦੇ ਬਾਸ਼ਿੰਦੇ-ਕਲਮਕਾਰਾਂ ਨੂੰ ਸਾਹਿਤਕ ਚੇਟਕ ਲਗਾ ਕੇ ਉਨ੍ਹਾਂ ਦੇ ਮਨਾਂ ਵਿਚ ਸਾਹਿਤਕ ਚੇਤਨਾ ਪੈਦਾ ਕਰਨ ਦਾ ਸਾਰਥਿਕ ਉਪਰਾਲਾ ਕਰਦੀ ਆ ਰਹੀ ਹੈ। ਇਸ ਸੰਸਥਾ ਦੇ ਵਰਤਮਾਨ ਪ੍ਰਧਾਨ ਜਸਵਿੰਦਰ ਸਿੰਘ 'ਕਾਈਨੌਰ' ਅਤੇ ਜਨਰਲ ਸਕੱਤਰ ਪਿਆਰਾ ਸਿੰਘ 'ਰਾਹੀ', ਜੋ ਖ਼ੁਦ ਸਾਹਿਤ ਖੇਤਰ ਵਿਚ ਆਪਣੀ ਖ਼ਾਸ ਪਛਾਣ ਰੱਖਦੇ ਹਨ, ਦੀ ਪ੍ਰੇਰਣਾ ਅਤੇ ਉੱਦਮ ਸਦਕਾ 'ਆਪੋ ਆਪਣੀ ਪ੍ਰਵਾਜ਼' ਨਾਂਅ ਦਾ ਕਾਵਿ-ਸੰਗ੍ਰਹਿ ਮੰਜ਼ਰ-ਏ-ਆਮ 'ਤੇ ਆਇਆ ਹੈ ਜਿਸ ਵਿਚ ਡਾ. ਹਰਨੇਕ ਸਿੰਘ ਕਲੇਰ, ਸੁਰਜੀਤ ਸੁਮਨ, ਪਵਨਪ੍ਰੀਤ ਸਿੰਘ ਵਡਾਲਾ ਅਤੇ ਜਸਕੀਰਤ ਸਿੰਘ ਕੁਰਾਲੀ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਹੈ। 28 ਸ਼ਾਇਰਾਂ ਦੀਆਂ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ 'ਤੇ ਆਧਾਰਿਤ ਇਸ ਸੰਗ੍ਰਹਿ ਵਿਚ ਕਲਮਕਾਰਾਂ ਨੂੰ ਅੱਖਰਕ੍ਰਮ ਅਨੁਸਾਰ ਸਥਾਨ ਦਿੱਤਾ ਗਿਆ ਹੈ, ਤਾਂ ਜੋ ਕਿਸੇ ਕਲਮਕਾਰ ਨੂੰ ਅੱਗੇ ਪਿੱਛੇ ਸਥਾਨ ਦੇਣ ਦਾ ਇਤਰਾਜ਼ ਨਾ ਰਹੇ।
ਇਸ ਕਾਵਿ-ਸੰਗ੍ਰਹਿ ਵਿਚ ਸੱਥ ਨਾਲ ਜੁੜੇ ਰਹੇ ਪੁਰਾਣੇ ਸਰਪ੍ਰਸਤਾਂ, ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਹੋਰ ਸੰਬੰਧਿਤ ਅਹੁਦੇਦਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵੀਆਂ ਨੇ ਆਪੋ-ਆਪਣੀ ਕਾਵਿਕ ਪ੍ਰਵਾਜ਼ ਭਰੀ ਹੈ। ਵਸਤੂ-ਜਗਤ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਕਵਿਤਾਵਾਂ ਵਿਚ ਉਨ੍ਹਾਂ ਲਗਭਗ ਸਾਰੇ ਸਮਾਜਿਕ ਮਸਲਿਆਂ, ਸਰੋਕਾਰਾਂ, ਚਿੰਤਾਵਾਂ, ਚੁਣੌਤੀਆਂ ਆਦਿ ਨੂੰ ਆਧਾਰ ਬਣਾਇਆ ਹੈ ਜੋ ਵਰਤਮਾਨ ਸਮੇਂ ਵਿਚ ਮਨੁੱਖ ਦੀ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਸੰਦਰਭ ਵਿਚ ਅਜਮੇਰ ਸਾਗਰ ਦੀਆਂ ਗ਼ਜ਼ਲਾਂ ਅਡੰਬਰੀ ਸਮਾਜ ਅਤੇ ਚਾਪਲੂਸੀ ਦਾ ਪਰਦਾਫ਼ਾਸ਼ ਕਰਦੀਆਂ ਹਨ। ਅਮਨਦੀਪ ਕੌਰ ਚੰਡੀਗੜ੍ਹ ਸੁਚੱਜੀ ਜੀਵਨ ਜਾਚ ਦੇ ਫਾਰਮੂਲੇ ਸਾਂਝੇ ਕਰਦੀ ਹੈ। ਇੰਦਰਜੀਤ ਕੌਰ ਵਡਾਲਾ ਦੀ ਕਲਮ ਬਾਬਲ ਦੀ ਅਣਖ ਦੇ ਵਿਖਿਆਨ ਦੇ ਨਾਲ-ਨਾਲ ਵਿਧਵਾ ਧੀ ਦੇ ਦਰਦ ਦੀ ਵੀ ਹੂਕ ਬਣਦੀ ਹੈ। ਡਾ. ਸੁਦਾਗਰ ਸਿੰਘ ਪਾਲ ਦੀ ਕਲਮ ਹਵਾ ਵਿਚ ਜ਼ਹਿਰ ਫੈਲਾਉਣ ਵਾਲਿਆਂ ਨੂੰ ਲਾਹਨਤ ਪਾਉਂਦੀ ਹੈ ਜਦੋਂ ਕਿ ਸੁਖਵਿੰਦਰ ਸਿੰਘ ਪਠਾਣੀਆਂ ਆਪਣੇ ਢੰਗ ਨਾਲ ਜਾਮ, ਪੈਮਾਨੇ ਤੇ ਬਿਰਹੋਂ ਦੀਆਂ ਕਸਕਾਂ ਬਿਆਨ ਕਰਕੇ ਰੋਮਾਂਸਵਾਦ ਦੀ ਗੱਲ ਕਰ ਰਿਹਾ ਹੈ। ਸੁਮਿੱਤਰ ਸਿੰਘ ਦੋਸਤ ਦੀ ਕਲਮ ਮਾਨਵਤਾ ਨਾਲ ਅਤੇ ਸੁਖਦੀਪ ਸਿੰਘ ਨਇਆਂ ਸ਼ਹਿਰ ਦੀ ਕਲਮ ਪੰਜਾਬ ਦੀ ਗੁੰਮ ਚੁੱਕੀ ਸੱਭਿਆਚਾਰਕ ਵਿਰਾਸਤ ਦੀ ਤਸਵੀਰਕਸ਼ੀ ਕਰਦੀ ਹੈ। ਸੰਦੀਪ ਸਿੰਘ ਕਾਲੇਵਾਲ ਰਬਾਬ ਦੀ ਹੂਕ ਰਾਹੀਂ ਆਪਣੇ ਜਜ਼ਬਾਤ ਰੂਪਮਾਨ ਕਰਦਾ ਹੈ। ਸੁਰਜੀਤ ਸੁਮਨ ਨਿਰਦੋਸ਼ਾਂ ਅਤੇ ਵਰਤਮਾਨ ਦੌਰ ਵਿਚ ਆਏ ਅਖੌਤੀਪਣ ਦੀ ਸੁੰਦਰ ਢੰਗ ਨਾਲ ਗੱਲ ਕਰਦਾ ਹੈ ਜਦੋਂ ਕਿ ਹਿੱਤ ਅਭਿਲਾਸ਼ੀ ਹਿੱਤ ਗੁੰਮ ਹੁੰਦੀ ਜਾ ਰਹੀ ਮਾਨਵਤਾ ਦਾ ਫ਼ਿਕਰ ਕਰਦੀ ਹੈ। ਇਸ ਪ੍ਰਕਾਰ ਹਾਕਮ ਸਿੰਘ ਨੱਤਿਆਂ, ਹਰਜਿੰਦਰ ਸਿੰਘ ਸਾਈਂ ਸੁਕੇਤੜੀ ਅਨਮੋਲ ਜੀਵਨ ਤੇ ਇਸ ਨਾਲ ਜੁੜੇ ਅਜਬ ਖੇਡ ਤਮਾਸ਼ਿਆਂ ਨੂੰ ਬਿਆਨਦੇ ਵਿਖਾਈ ਦਿੰਦੇ ਹਨ। ਡਾ. ਹਰਨੇਕ ਸਿੰਘ ਕਲੇਰ ਦੀਆਂ ਗ਼ਜ਼ਲਾਂ ਨਿੱਜ ਤੋਂ ਪਰ ਤੱਕ ਦਾ ਸਫ਼ਰ ਤੈਅ ਕਰਦੀਆਂ ਹਨ। ਖੁਸ਼ੀ ਰਾਮ ਨਿਮਾਣਾ ਦੀ ਕਲਮ ਧੀਆਂ ਧਿਆਣੀਆਂ ਦੇ ਦਰਦ, ਗੁਰਸ਼ਰਨ ਸਿੰਘ ਕਾਕਾ ਦੀ ਲੇਖਣੀ ਮੁਹੱਬਤ ਭਰੇ ਵਾਯੂਮੰਡਲ ਦੀ ਸਥਾਪਤੀ ਦੀ ਅਤੇ ਜਸਕੀਰਤ ਸਿੰਘ ਕੁਰਾਲੀ ਦੀਆਂ ਕ੍ਰਿਤਾਂ ਰੰਗ ਬਰੰਗੀ ਦੁਨੀਆ ਦੀ ਗੱਲ ਕਰਦੀਆਂ ਹਨ। ਜਸਵਿੰਦਰ ਸਿੰਘ ਕਾਈਨੌਰ ਨੂੰ ਜਵਾਨੀ ਦਾ ਫ਼ਿਕਰ ਹੈ ਤੇ ਬਾਲਾਂ ਦਾ ਵੀ। ਡਾ. ਮਨਜੀਤ ਸਿੰਘ ਮਝੈਲ ਨੀਲੇ ਪਾਣੀਆਂ ਦੇ ਗੰਧਲੇ ਹੋਣ ਦਾ ਅਤੇ ਤਰਸੇਮ ਸਿੰਘ ਕਾਲੇਵਾਲ ਪ੍ਰਤੀਕਾਤਮਿਕ ਰੂਪ ਵਿਚ ਜੀਵਨ ਅਤੇ ਮੌਤ ਦਾ ਯਥਾਰਥਕ ਦ੍ਰਿਸ਼ ਚਿੱਤ੍ਰਣ ਕਰਦਾ ਹੈ। ਪਿਆਰਾ ਸਿੰਘ ਰਾਹੀ ਪਵਿੱਤਰ ਪੁਸਤਕਾਂ ਦੀ ਅਤੇ ਪਵਨਪ੍ਰੀਤ ਵਡਾਲਾ ਗ਼ਲਤ ਫ਼ਹਿਮੀਆਂ ਦੇ ਮੱਕੜ ਜਾਲ ਵਿਚੋਂ ਨਿਕਲਣ ਦੀ ਪ੍ਰੇਰਣਾ ਦਿੰਦਾ ਹੈ। ਬੰਤ ਸਿੰਘ ਦੀਪ, ਭੁਪਿੰਦਰ ਸਿੰਘ ਭਾਗੋਮਾਜਰਾ, ਮੰਦਰ ਗਿੱਲ ਸਾਹਿਬਚੰਦੀਆ ਦੀਆਂ ਸਮਾਜਿਕ ਸੰਦੇਸ਼ ਵਾਲੀਆਂ ਕਵਿਤਾਵਾਂ ਵਿਚੋਂ ਕਵੀਆਂ ਦੇ ਵੰਨ-ਸੁਵੰਨੇ ਪ੍ਰਬਲ ਜਜ਼ਬੇ ਦ੍ਰਿਸ਼ਟੀਗੋਚਰ ਹੁੰਦੇ ਹਨ। ਮੋਹਨ ਸਿੰਘ ਪ੍ਰੀਤ, ਮੋਹੰਮਦ ਕਾਮਿਲ, ਰਾਜਵਿੰਦਰ ਸਿੰਘ ਗੱਡੂ (ਰਾਜ) ਅਤੇ ਲਾਲੀ ਕਰਤਾਰਪੁਰੀ ਦੀਆਂ ਕਵਿਤਾਵਾਂ ਆਵਾਮ ਦੀ ਗੱਲ ਕਰਦੀਆਂ ਹਨ ਅਤੇ ਅਜੋਕੀ ਕਵਿਤਾ ਦੀ ਟੋਰ ਦੇ ਸੁੰਦਰ ਨਮੂਨੇ ਵੀ ਸਿੱਧ ਹੁੰਦੀਆਂ ਹਨ। ਮੈਂ ਇਸ ਮੁੱਲਵਾਨ ਅਤੇ ਸਾਂਭਣਯੋਗ ਕ੍ਰਿਤ ਲਈ ਵਿਸ਼ੇਸ਼ ਤੌਰ 'ਤੇ ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਨੂੰ ਮੁਬਾਰਕ ਦਿੰਦਾ ਹਾਂ। ਅਜਿਹੇ ਸਾਰਥਿਕ ਉਦਮਾਂ ਦੀ ਹੋਰ ਜ਼ਰੂਰਤ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703