18-07-2025
ਆਸ ਦੇ ਸੁਆਸ
ਆਸ ਦੇ ਨਾਲ ਮਨੁੱਖ ਜ਼ਿੰਦਗੀ ਨੂੰ ਜ਼ਿੰਦਾਦਿਲੀ ਅਤੇ ਖੁਸ਼ਹਾਲੀ ਨਾਲ ਮਾਣਦਿਆਂ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਿਚ ਵੀ ਸਫਲ ਹੋ ਸਕਦਾ ਹੈ। ਆਸ਼ਾਵਾਦੀ ਸੋਚ ਹੀ ਮਨੁੱਖ ਨੂੰ ਪਾਤਾਲ ਦੀ ਖੋਜ ਤੋਂ ਲੈ ਕੇ ਅੰਬਰੀਂ ਉਡਾਰੀਆਂ ਲਾਉਣ ਤੱਕ ਦਾ ਬਲ ਬਖਸ਼ਦੀ ਹੈ।
ਆਸ ਨਾਲ ਬੱਝਿਆ ਇਨਸਾਨ ਨਾ ਕਦੇ ਹਾਰਦਾ ਹੈ, ਉਹ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਅੱਗੇ ਹੀ ਵਧਦਾ ਜਾਂਦਾ ਹੈ। ਜੀਵਨ ਵਿੱਚ ਮਨੁੱਖ ਦਾ ਬਿਮਾਰ ਹੋ ਜਾਣਾ ਆਮ ਵਰਤਾਰਾ ਹੈ। ਕੁਝ ਨਿਰਾਸ਼ਾਵਾਦੀ ਸੋਚ ਵਾਲੇ ਲੋਕ ਬਿਮਾਰ ਹੋਣ 'ਤੇ ਦਿਲ ਛੱਡੀ ਜਾਣਗੇ। ਤਿੱਬਤ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਆਪਣੀ 90ਵੀਂ ਜਨਮ ਵਰ੍ਹੇਗੰਢ ਮਨਾਉਂਦਿਆਂ 30-40 ਸਾਲ ਹੋਰ ਜੀਊਣ ਦੀ ਆਸ ਪ੍ਰਗਟਾਈ ਹੈ।
-ਬਲਦੇਵ ਸਿੰਘ ਬੱਲੀ
ਪਿੰਡ ਠਠਿਆਲਾ ਢਾਹਾ, ਤਹਿ. ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)
ਵਧਦਾ ਅਪਰਾਧ ਚਿੰਤਾ ਦਾ ਵਿਸ਼ਾ
ਅਪਰਾਧਿਕ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ। ਚੋਰੀਆਂ, ਡਕੈਤੀਆਂ, ਕਤਲ ਤੇ ਝਪਟਮਾਰਾਂ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ। ਇਹ ਅਪਰਾਧੀ ਬਿਨਾਂ ਕਿਸੇ ਡਰ ਤੋਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਹੀ ਸੁਚੇਤ ਰਹਿਣ ਦੀ ਲੋੜ ਹੈ। ਬਿਨਾਂ ਵਜ੍ਹਾ ਚੀਜ਼ਾਂ ਦੇ ਦਿਖਾਵੇ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਬਾਜ਼ਾਰਾਂ ਜਾਂ ਭੀੜ ਵਾਲੀਆਂ ਥਾਵਾਂ 'ਤੇ ਅਸੀਂ ਆਪਣੇ ਗਹਿਣੇ ਤੇ ਨਕਦੀ ਨਾ ਲਿਜਾ ਕੇ ਸੁਰੱਖਿਅਤ ਰਹਿ ਸਕਦੇ ਹਾਂ।
ਸਾਨੂੰ ਆਪਣੀਆਂ ਕਾਰਾਂ ਤੇ ਮੋਟਰਸਾਈਕਲ ਵਗੈਰਾ ਵੀ ਰਜਿਸਟਰਡ ਪਾਰਕਿੰਗ ਵਿਚ ਹੀ ਖੜ੍ਹੇ ਕਰਨੇ ਚਾਹੀਦੇ ਹਨ ਤਾਂ ਕਿ ਕੋਈ ਜ਼ਿੰਮੇਵਾਰ ਵਿਅਕਤੀ ਇਨ੍ਹਾਂ ਦੀ ਰਾਖੀ ਕਰ ਸਕੇ। ਪੰਜਾਬ ਵਿਚ ਇਸ ਤਰ੍ਹਾਂ ਵਧ ਰਹੇ ਅਪਰਾਧ ਵੱਡੀ ਚਿੰਤਾ ਦਾ ਵਿਸ਼ਾ ਹੈ।
-ਗੌਰਵ ਮੁੰਜਾਲ
ਪੀ.ਸੀ.ਐਸ.
ਮੁੱਖ ਮੰਤਰੀ ਸਿਹਤ ਯੋਜਨਾ
ਪੰਜਾਬ ਸਰਕਾਰ ਵਲੋਂ ਸੂਬੇ ਦੇ ਤਿੰਨ ਕਰੋੜ ਲੋਕਾਂ ਨੂੰ 10 ਲੱਖ ਰੁਪਈਏ ਦੀ ਕੈਸ਼ਲੈੱਸ ਪਾਲਸੀ ਤਹਿਤ ਡਾਕਟਰੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਦਾ ਫ਼ੈਸਲਾ ਆਮ ਤੇ ਗਰੀਬ ਲੋਕਾਂ ਲਈ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਕਿਉਂਕਿ ਪੈਸੇ ਦੀ ਥੁੜ ਕਾਰਨ ਬਹੁਤ ਸਾਰੇ ਲੋਕ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹੋਣ ਕਰਕੇ ਜਾਨ ਗੁਆ ਬਹਿੰਦੇ ਸਨ ਜਾਂ ਬਿਮਾਰੀਆਂ ਨਾਲ ਜੂਝਦੇ ਰਹਿੰਦੇ ਸਨ। ਹੁਣ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਮੁੱਚੇ ਲੋਕਾਂ ਨੂੰ 2 ਅਕਤੂਬਰ ਤੋਂ ਉਕਤ ਸਹੂਲਤ ਦੇਣ ਨਾਲ ਵੱਡਾ ਲਾਭ ਮਿਲੇਗਾ। ਸਰਕਾਰ ਦਾ ਫ਼ੈਸਲਾ ਸੱਚਮੁੱਚ ਹੀ ਸ਼ਲਾਘਾਯੋਗ ਆਖਿਆ ਜਾ ਸਕਦਾ ਹੈ।
-ਲੈਕਚਰਾਰ ਅਜੀਤ ਖੰਨਾ
ਐੱਮ.ਏ., ਐੱਮ. ਫਿਲ. ਐੱਮ.ਜੀ.ਐੱਮ.ਸੀ. ਬੀ.ਐੱਡ.
ਸਿਹਤ ਪਹਿਲਾਂ
ਅੱਜ ਕੱਲ੍ਹ ਮਨੁੱਖ ਮਿਲਾਵਟੀ ਖਾਣੇ ਖਾ-ਖਾ ਕੇ ਆਪਣੇ ਸਰੀਰ ਦਾ ਕੋਈ ਖਿਆਲ ਨਹੀਂ ਰੱਖ ਰਿਹਾ। ਜਦ ਕਿ ਅੱਜ ਕੱਲ੍ਹ ਡਿਪ੍ਰੈਸ਼ਨ, ਹਾਰਟ ਅਟੈਕ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੇ ਵਧੇਰੇ ਮਰੀਜ਼ ਪਾਏ ਜਾਂਦੇ ਹਨ, ਜਿਸ ਲਈ ਸਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਤੇਲ ਨਾਲ ਤਲੀਆਂ ਹੋਈਆਂ ਚੀਜ਼ਾਂ ਅਤੇ ਮਿੱਠੀਆਂ ਚੀਜ਼ਾਂ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ।
ਸਾਨੂੰ ਹਮੇਸ਼ਾ ਘਰ ਦਾ ਖਾਣਾ ਖਾਣ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਹੋ ਸਕੇ ਤਾਂ ਖਾਣਾ ਦਿਨ 'ਚ ਸਿਰਫ਼ ਦੋ ਸਮੇਂ ਹੀ ਖਾਧਾ ਜਾਵੇ। ਇਸ ਤੋਂ ਇਲਾਵਾ ਸਲਾਦ ਜਾਂ ਫਰੂਟ ਨੂੰ ਤਰਜੀਹ ਦਿੱਤੀ ਜਾਵੇ। ਤਾਂ ਹੀ ਅਸੀਂ ਤੰਦਰੁਸਤ ਅਤੇ ਲੰਬੀ ਉਮਰ ਜੀਅ ਸਕਦੇ ਹਾਂ।
-ਅਸ਼ੀਸ਼ ਸ਼ਰਮਾ, ਜਲੰਧਰ
ਬੂਟੇ ਲਗਾਓ ਤੇ ਰੁੱਖ ਬਚਾਓ
ਬਰਸਾਤਾਂ ਦੀ ਰੁੱਤ ਆ ਗਈ ਹੈ ਅਤੇ ਹਰ ਪਾਸੇ ਨਜ਼ਰ ਆਉਂਦੀ ਹਰਿਆਲੀ ਮਨੁੱਖੀ ਮਨ ਨੂੰ ਆਕਰਸ਼ਿਤ ਕਰਦੀ ਹੈ। ਇਕ ਖੋਜ ਦੁਆਰਾ ਸਿੱਧ ਹੋ ਚੁੱਕਾ ਹੈ ਕਿ ਜੋ ਇਨਸਾਨ ਦਰੱਖਤਾਂ, ਪੌਦਿਆਂ ਦੇ ਸੰਪਰਕ ਵਿਚ ਜ਼ਿਆਦਾ ਰਹਿੰਦੇ ਹਨ ਉਹ ਲੰਬੀ ਉਮਰ ਜਿਊਂਦੇ ਹਨ। ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਹ ਦਰੱਖਤ ਕੁਦਰਤ ਦਾ ਤੋਹਫਾ ਹਨ।
ਆਉਣ ਵਾਲੀਆਂ ਪੀੜ੍ਹੀਆਂ ਦੇ ਵਧੀਆ ਭਵਿੱਖ ਲਈ ਇਸ ਰੁੱਤ ਵਿਚ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਓ। ਸਾਡੇ ਆਲੇ ਦੁਆਲੇ ਵਿਰਾਸਤੀ ਰੁੱਖਾਂ ਦੀ ਗਿਣਤੀ ਬਹੁਤ ਘਟ ਰਹੀ ਹੈ, ਜਿਨ੍ਹਾਂ ਰੁੱਖਾਂ ਦੀ ਉਮਰ ਸਦੀਆਂ ਤੱਕ ਵੀ ਹੈ। ਬੋਹੜ, ਪਿੱਪਲ, ਟਾਹਲੀ, ਨਿੰਮ, ਸ਼ਰੀਂਹ ਆਦਿ ਰੁੱਖ ਲਗਾ ਕੇ ਭਵਿੱਖ ਸੁਰੱਖਿਅਤ ਕਰੋ। ਇਹ ਇਕ ਪੱਕਾ ਨਿਯਮ ਹੈ ਜੋ ਕੁਝ ਤੁਸੀਂ ਕੁਦਰਤ ਨੂੰ ਦਿਉਗੇ ਉਹ ਵਾਪਸ ਮੋੜਦੀ ਹੈ।
-ਯਾਦਵਿੰਦਰ ਸਿੰਘ ਚਹਿਲ
ਕੁਦਰਤ ਦੀ ਮਿਹਰ
'ਅਜੀਤ ਮੈਗਜ਼ੀਨ' ਦੇ ਪੰਨੇ 'ਤੇ ਛਪਿਆ ਲੇਖ ਕਮਾਲ ਦੀ ਖੂਬਸੂਰਤ ਰਚਨਾ ਹੈ, ਜਿਸ ਨੂੰ ਪੜ੍ਹ ਕੇ ਜੋ ਅਨੰਦਮਈ ਹੁਲਾਰਾ ਮਿਲਿਆ ਹੈ। ਉਹ ਸ਼ਬਦਾਂ ਵਿਚ ਵਰਨਣ ਕਰਨਾ ਮੁਸ਼ਕਿਲ ਹੈ। ਕੁਦਰਤ ਦੀ ਮਿਹਰ ਕਰਕੇ ਇਸ ਵਾਰ ਵਰਖਾ ਨਿਹਾਲ ਕਰ ਰਹੀ ਹੈ। ਕੁਦਰਤ ਪੂਰੀ ਖਿੜੀ ਹੋਈ ਹੈ। ਯਕੀਨਨ ਧਰਤੀ ਹੇਠਲੇ ਬਹੁਤ ਡੂੰਘਾ ਚਲੇ ਗਏ ਪਾਣੀ ਦੇ ਸਮਤੋਲ ਵਿਚ ਆਉਣ ਦੀ ਉਮੀਦ ਬੱਝੀ ਹੈ। ਲੇਖ ਨੂੰ ਆਪ ਨੇ ਅਤਿ ਅਨੁਕੂਲ ਤੇ ਬੇਹੱਦ ਸੁੰਦਰ ਚਿਤਰ ਨਾਲ ਸਜਾਇਆ ਫਬਾਇਆ ਗਿਆ ਹੈ।
ਦੂਸਰੇ ਭਾਗ ਵਿਚ ਲੇਖਕ ਨੇ ਅਤਿਅੰਤ ਸੁੰਦਰ ਲੋਕ-ਕਾਵਿ ਅਤੇ ਜਾਣੇ-ਮਾਣੇ ਲਾਲਾ ਧਨੀ ਰਾਮ ਚਾਤ੍ਰਿਕ ਨੂੰ ਬੇਹੱਦ ਖੂਬਸੂਰਤੀ ਸਹਿਤ ਪ੍ਰਸਤੁਤ ਕਰਦਿਆਂ ਅਜੋਕੇ ਪਾਠਕਾਂ ਨੂੰ ਨਿਹਾਲ ਕੀਤਾ ਹੈ।
-ਸੁਰਿੰਦਰ ਸਿੰਘ ਨਿਮਾਣਾ