25-06-2025
ਲੈਂਡ ਪੂਲਿੰਗ ਯੋਜਨਾ 'ਤੇ ਹੋਵੇ ਪੁਨਰ-ਵਿਚਾਰ
ਪਿਛਲੇ ਦਿਨੀਂ ਹਰਜਿੰਦਰ ਸਿੰਘ ਲਾਲ ਦਾ ਲੇਖ 'ਲੈਂਡ ਪੂਲਿੰਗ ਯੋਜਨਾ ਸੰਬੰਧੀ ਫਿਰ ਤੋਂ ਵਿਚਾਰ ਕਰੇ ਸਰਕਾਰ' ਬਹੁਤ ਅਰਥਪੂਰਨ ਹੈ। ਜ਼ਿਕਰ ਕੀਤੇ ਅੰਕੜੇ ਫਿਕਰ ਵਾਲੇ ਹਨ ਕਿ ਕਰੀਬ 44,000 ਏਕੜ ਖੇਤੀਬਾੜੀ ਵਾਲੀ ਜ਼ਮੀਨ ਸ਼ਹਿਰੀਕਰਨ ਹੇਠ ਆ ਜਾਵੇਗੀ। ਦੇਸ਼ ਦੀ ਸ਼ਹਿਰੀ ਆਬਾਦੀ ਦੀ ਔਸਤ ਜੋ 31 ਫ਼ੀਸਦੀ ਦੇ ਆਸਪਾਸ ਹੈ ਉਸ ਦੇ ਮੁਕਾਬਲੇ ਪੰਜਾਬ ਵਿਚ ਸ਼ਹਿਰੀ ਆਬਾਦੀ 42 ਫ਼ੀਸਦੀ ਦੇ ਕਰੀਬ ਹੋ ਗਈ ਹੈ। ਇਹ ਸਕੀਮ ਬੇਰੁਜ਼ਗਾਰੀ ਵਧਾ ਸਕਦੀ ਹੈ ਤੇ ਕਿਸਾਨਾਂ ਨੂੰ ਨਿਰਾਸ਼ਤਾ ਵਿਚ ਵੀ ਧੱਕ ਸਕਦੀ ਹੈ। ਲੇਖ ਪੜ੍ਹ ਕੇ ਜ਼ਿਹਨ ਵਿਚੋਂ ਵਿਚਾਰ ਆ ਰਹੇ ਹਨ ਕਿ ਪੰਜਾਬ ਨੂੰ ਅਜਿਹੇ ਉਦਯੋਗਿਕ ਵਿਕਾਸ ਦੀ ਅਤਿਅੰਤ ਲੋੜ ਹੈ ਜੋ ਕਿ ਖੁਸ਼ਹਾਲੀ ਨੂੰ ਹੀ ਸੇਧਿਤ ਹੋਵੇ ਨਾ ਕਿ ਕਿਸੇ ਮੰਦਹਾਲੀ ਜਾਂ ਬਦਹਾਲੀ ਨੂੰ। ਕੋਈ ਵੀ ਵਿਕਾਸ ਪੰਜਾਬ ਦੇ ਕੁਦਰਤੀ ਵਾਤਾਵਰਨ ਅਤੇ ਸੱਭਿਆਚਾਰ ਅਨੁਸਾਰੀ ਹੋਣਾ ਚਾਹੀਦਾ ਹੈ। ਪੰਜਾਬ ਵਿਚ ਖੇਤੀ ਉਤਪਾਦਾਂ, ਅਨਾਜ, ਸਬਜ਼ੀ ਅਤੇ ਫ਼ਲ ਉਤਪਾਦਾਂ 'ਤੇ ਆਧਾਰਿਤ ਫੂਡ ਪ੍ਰੋਸੈਸਿੰਗ ਉਦਯੋਗਾਂ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਰਵਨੀਤ ਸਿੰਘ ਬਿੱਟੂ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਇੰਚਾਰਜ (ਮੰਤਰੀ) ਹਨ। ਜੋ ਇਤਿਹਾਸ ਸਿਰਜਦੀ ਕੋਈ ਪਹਿਲ ਕਰ ਸਕਦੇ ਹਨ।
-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਹੁਸ਼ਿਆਰਪੁਰ।
ਪੀ.ਜੀ.ਆਈ. ਦੀ ਐਮਰਜੈਂਸੀ
ਪੀ.ਜੀ.ਆਈ. ਚੰਡੀਗੜ੍ਹ ਵਿਚ ਉੱਤਰੀ ਭਾਰਤ ਤੋਂ ਇਲਾਵਾ ਦੇਸ਼ ਦੇ ਅਨੇਕਾਂ ਸੂਬਿਆਂ ਤੋਂ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਇਲਾਜ ਪੱਖੋਂ ਆਮ ਲੋਕ ਪੀ.ਜੀ.ਆਈ. ਚੰਡੀਗੜ੍ਹ ਨੂੰ ਸਭ ਤੋਂ ਵਧੀਆ ਮੰਨਦੇ ਹਨ। ਪਰੰਤੂ ਫਿਰ ਵੀ ਮਰੀਜ਼ ਜ਼ਿਆਦਾ ਆਉਣ ਕਾਰਨ ਲੋਕਾਂ ਨੂੰ ਕਈ-ਕਈ ਮਹੀਨਿਆਂ ਤੱਕ ਭਟਕਣਾ ਪੈਂਦਾ ਹੈ। ਪੀ.ਜੀ.ਆਈ. ਦੀ ਐਮਰਜੈਂਸੀ ਵਿਚ ਬਹੁਤ ਜ਼ਿਆਦਾ ਮਰੀਜ਼ ਆਉਣ ਕਰਕੇ ਐਮਰਜੈਂਸੀ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਦੀ ਵਾਰੀ ਘੰਟਿਆਂ ਮਗਰੋਂ ਹੀ ਆਉਂਦੀ ਹੈ। ਇਥੇ ਹੋਈ ਦੇਰੀ ਕਈ ਵਾਰ ਮਰੀਜ਼ ਦੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਪੀ.ਜੀ.ਆਈ. ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਐਮਰਜੈਂਸੀ ਵਿਚ ਸਟਾਫ਼ ਦੀ ਗਿਣਤੀ ਹੋਰ ਵਧਾਈ ਜਾਵੇ ਅਤੇ ਇਮਾਰਤ ਨੂੰ ਵੀ ਹੋਰ ਵੱਡੀ ਕੀਤਾ ਜਾਵੇ।
-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਲੱਕੀ ਡ੍ਰਾਅ ਦੇ ਨਾਂਅ 'ਤੇ ਠੱਗੀ
ਅੱਜ-ਕੱਲ੍ਹ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਵੱਡੀਆਂ-ਵੱਡੀਆਂ ਕਾਰਾਂ, ਟਰੈਕਟਰਾਂ, ਮੋਟਰਸਾਈਕਲਾਂ, ਥਾਰਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਮਾਨ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਵਾਲੇ ਵੱਡੇ-ਵੱਡੇ ਪੋਸਟਰ ਦਿਖਾ ਕੇ ਭੋਲੇ-ਭਾਲੇ ਲੋਕਾਂ ਨੂੰ ਲੱਕੀ ਡ੍ਰਾਅ ਸਕੀਮ ਦੇ ਨਾਂਅ 'ਤੇ ਆਪਣੇ ਜਾਲ ਵਿਚ ਫਸਾਇਆ ਜਾ ਰਿਹਾ ਹੈ। ਜਦੋਂ ਲੋਕ ਡ੍ਰਾਅ ਵਾਲੀ ਤਰੀਕ ਨੂੰ ਇਨ੍ਹਾਂ ਵਲੋਂ ਦੱਸੀ ਹੋਈ ਜਗ੍ਹਾ 'ਤੇ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਲੋਕਾਂ ਨੂੰ ਕਹਿ ਦਿੰਦੇ ਹਨ ਕਿ ਡ੍ਰਾਅ ਤਾਂ ਅਸੀਂ ਆਨਲਾਈਨ ਹੀ ਕੱਢ ਦਿੱਤਾ ਸੀ। ਇਹ ਲੋਕ ਡ੍ਰਾਅ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਕੱਢ ਕੇ ਲੋਕਾਂ ਦੇ ਸਾਰੇ ਪੈਸੇ ਹਜ਼ਮ ਕਰ ਜਾਂਦੇ ਹਨ।
ਸਾਡੀ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਕਮਾਈ ਇਨ੍ਹਾਂ ਠੱਗਾਂ ਨੂੰ ਨਾ ਲੁਟਾਉਣ ਅਤੇ ਜਾਅਲੀ ਤੇ ਫ਼ਰਜ਼ੀ ਪੋਸਟਰ ਦੇਖ ਕੇ ਅਜਿਹੇ ਠੱਗਾਂ ਦੇ ਚੁੰਗਲ ਵਿਚ ਫਸਣ ਤੋਂ ਬਚਣਾ ਚਾਹੀਦਾ ਹੈ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਭਾਗੂ ਰੋਡ, ਬਠਿੰਡਾ।