24-06-2025
ਕੀਟਨਾਸ਼ਕਾਂ ਨਾਲ ਮਰ ਰਹੇ ਹਨ ਮਿੱਤਰ ਪੰਛੀ
ਖੇਤਾਂ ਵਿਚ ਕੀਟਨਾਸ਼ਕਾਂ ਦੇ ਅੰਧਾ ਧੁੰਦ ਵਰਤੋਂ ਨਾਲ ਕਿਸਾਨਾਂ ਦੇ ਮਿੱਤਰ ਪੰਛੀਆਂ ਦੀ ਸੰਖਿਆ ਘਟ ਕੇ ਅੱਧ ਨਾਲੋਂ ਵੀ ਘੱਟ ਰਹਿ ਗਈ ਹੈ। ਭਾਰਤੀ ਕ੍ਰਿਸ਼ੀ ਵਿਗਿਆਨ ਖੋਜ ਕੇਂਦਰ (ਆਈ.ਸੀ.ਏ.ਆਰ.) ਵਲੋਂ 6 ਸੂਬਿਆਂ ਪੰਜਾਬ, ਹਿਮਾਚਲ, ਰਾਜਸਥਾਨ, ਗੁਜਰਾਤ, ਕੇਰਲ ਤੇ ਆਂਧਰਾ ਪ੍ਰਦੇਸ਼ ਵਿਚ ਆਲ ਇੰਡੀਆ ਨੈੱਟਵਰਕ ਪ੍ਰੋਜੈਕਟ ਆਨਥੋਨਾਲੋਜੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦੇ ਨਤੀਜੇ ਦੱਸਦੇ ਹਨ ਕਿ ਕਿਸਾਨਾਂ ਦੇ ਮਿੱਤਰ ਪੰਛੀਆਂ ਦੀ ਘਾਟ ਹੋਣ ਦਾ ਮੁੱਖ ਕਾਰਨ ਕੀਟਨਾਸ਼ਕਾਂ ਦਾ ਜ਼ਿਆਦਾ ਇਸਤੇਮਾਲ ਹੈ। ਵਿਗਿਆਨੀਆਂ ਨੇ ਵੀ ਜੰਗਲੀ ਦਰੱਖ਼ਤਾਂ ਦੀ ਅੰਧਾ-ਧੁੰਦ ਕਟਾਈ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨੂੰ ਪੰਛੀਆਂ ਦੀ ਮੌਤ ਦੀ ਵਜ੍ਹਾ ਦੱਸਿਆ ਹੈ। ਅਸੀਂ ਕੀਟਨਾਸ਼ਕ ਨੂੰ ਦੱਸੇ ਮੁਤਾਬਕ ਨਹੀਂ ਵਰਤਦੇ ਅਤੇ ਲੋੜ ਤੋਂ ਵੱਧ ਵਰਤ ਰਹੇ ਹਾਂ। ਮਿੱਤਰ ਪੰਛੀਆਂ ਵਿਚ ਮੈਨਾ, ਬਗਲਾ, ਬੈਕ ਮੈਨਾ, ਕਾਂ, ਵੈਕਟੈਲਜ਼, ਗੁਟਾਰ, ਚੱਕੀਰਾਹਾ, ਸੁਨਹਿਰਾ ਉੱਲੂ, ਜੰਗਲੀ ਕੁੱਕੜ ਆਦਿ ਸ਼ਾਮਿਲ ਹਨ। ਇਹ ਪੰਛੀ ਫ਼ਸਲਾਂ ਨੂੰ ਨੁਕਸਾਨ ਪਹੁੰਚਾਣ ਵਾਲੇ 20 ਤੋਂ 50 ਫ਼ੀਸਦੀ ਕੀੜੇ ਮਕੌੜਿਆਂ ਨੂੰ ਖਾਂਦੇ ਹਨ। ਸੁਨਹਿਰੇ ਉੱਲੂ ਦੀ ਮੁੱਖ ਖੁਰਾਕ ਚੂਹੇ ਹਨ। ਮੈਨਾ ਦੀ ਖੁਰਾਕ ਵੀ ਕੀੜੇ ਮਕੌੜੇ ਹੈ। ਚੱਕੀ ਰਾਹਾ ਸੁੰਡੀਆਂ ਖਾਂਦਾ ਹੈ, ਅਤੇ ਇਹ ਪੰਛੀ ਫ਼ਸਲਾਂ ਦੇ ਦੁਸ਼ਮਣ ਹਿਪਨਪਟੇਰਾ, ਆਇਸਪਟੇਰਾ ਅਤੇ ਸੀਲੋਪਟੇਰਾ ਕਿਸਮ ਦੇ ਕੀੜਿਆਂ ਮਕੌੜਿਆਂ ਨੂੰ ਖਾਂਦੇ ਹਨ। ਕਈ ਪੰਛੀ ਕਪਾਹ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਵਾਲੀ ਕਪਾਹ ਦੀ ਗੁਲਾਬੀ ਸੁੰਡੀ ਨੂੰ ਵੀ ਇਹ ਪੰਛੀ ਪੂਰੀ ਤਰ੍ਹਾਂ ਖਾ ਜਾਂਦੇ ਹਨ। ਅਧਿਐਨ ਦੇ ਮੁਤਾਬਕ ਕੀਟਨਾਸ਼ਕਾਂ ਦੇ ਕਾਰਨ ਕਾਫੀ ਸਾਲਾਂ ਤੋਂ ਗਿਰਜਾਂ ਪੰਜਾਬ ਵਿਚੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀਆਂ ਹਨ।
-ਸ਼ਾਰਦਾ ਸ਼ਰਮਾ ਝਬੇਲਵਾਲੀ
ਪਿੰਡ ਅਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਗਰਮੀ ਤੋਂ ਆਪਣਾ ਬਚਾਅ ਰੱਖੋ
ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਸਾਰੇ ਹੀ ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਇਸ ਅਤਿ ਦੀ ਪੈ ਰਹੀ ਗਰਮੀ ਕਰਕੇ ਤਾਪਮਾਨ ਕਰੀਬ ਪੰਤਾਲੀ ਛਿਆਲੀ ਡਿਗਰੀ ਨੂੰ ਪਾਰ ਕਰ ਰਿਹਾ ਹੈ। ਸਾਨੂੰ ਸਾਰਿਆਂ ਨੂੰ ਹੀ ਇਸ ਗਰਮੀ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ। ਜਿਸ ਵਿਚ ਖਾਣ-ਪੀਣ ਅਤੇ ਪਹਿਨਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਬਿਨਾਂ ਕੰਮ ਤੋਂ ਘਰੋਂ ਬਿਲਕੁਲ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ। ਗਰਮੀ ਤੋਂ ਆਪਣੇ ਬੱਚਿਆਂ, ਬਜ਼ੁਰਗਾਂ ਤੋਂ ਇਲਾਵਾ ਆਪ ਵੀ ਬਚੋ। ਠੰਢੀਆਂ ਚੀਜ਼ਾਂ ਖਾਓ, ਪੀਓ, ਘਰੋਂ ਬਾਹਰ ਜਾਣ ਸਮੇਂ ਪੂਰੇ ਕੱਪੜੇ ਪਾਓ, ਪੂਰੇ ਸਰੀਰ ਨੂੰ ਢੱਕ ਕੇ ਰੱਖੋ। ਜਿਸ ਨਾਲ ਅਸੀਂ ਆਪਣੇ ਆਪ ਨੂੰ ਗਰਮੀ ਤੋਂ ਬਚਾ ਸਕਦੇ ਹਾਂ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਵੱਡਾ ਨਸ਼ਾ ਹੈ ਮੋਬਾਈਲ
ਅੱਜ ਭਾਰਤ ਵਿਚ ਸਭ ਤੋਂ ਵੱਧ ਜੇ ਕੋਈ ਨਸ਼ਾ ਹੈ ਤਾਂ ਉਹ ਹੈ ਮੋਬਾਈਲ 'ਤੇ ਸੋਸ਼ਲ ਮੀਡੀਆ ਦਾ। ਹਰ ਨੌਜਵਾਨ, ਬੱਚਾ, ਬਜ਼ੁਰਗ ਆਪਣਾ ਕੀਮਤੀ ਸਮਾਂ ਸਿਰਫ਼ ਮੋਬਾਈਲ ਨੂੰ ਹੱਥ ਵਿਚ ਫੜ ਕੇ ਸੋਸ਼ਲ ਮੀਡੀਆ 'ਤੇ ਰੀਲਾਂ ਦੇਖਣ ਵਿਚ ਹੀ ਗੁਆ ਦਿੰਦਾ ਹੈ। ਇਸ ਦੌਰਾਨ ਜੇਕਰ ਕਿਸੇ ਬੱਚੇ ਜਾਂ ਵੱਡੇ ਨੂੰ ਉਸ ਦੇ ਘਰ ਦਾ ਕੋਈ ਮੈਂਬਰ ਗੱਲ ਕਰਦਾ ਹੈ ਤਾਂ ਉਹ ਉਸ ਨੂੰ ਅੱਗੋਂ ਟੁੱਟ ਕੇ ਪੈ ਜਾਂਦਾ ਹੈ, ਕਾਰਨ ਮੋਬਾਈਲ ਦੀਆਂ ਰੀਲਾਂ ਦੇਖ-ਦੇਖ ਕੇ ਬੰਦਾ ਚਿੜਚਿੜਾ ਹੋ ਜਾਂਦਾ ਹੈ। ਲੱਖ ਚਾਹੁੰਦੇ ਹੋਏ ਵੀ ਹਰ ਕੋਈ ਮੋਬਾਈਲ ਨੂੰ ਮੱਲੋ-ਮੱਲੀ ਚੁੱਕ ਲੈਂਦਾ ਹੈ ਅਤੇ ਉਸ 'ਤੇ ਫੇਸਬੁੱਕ, ਇੰਸਟਾ, ਯੂ-ਟਿਊਬ ਜਾਂ ਕੋਈ ਹੋਰ ਸਾਈਟ ਖੋਲ੍ਹ ਕੇ ਕਈ-ਕਈ ਘੰਟੇ ਉਸ 'ਤੇ ਰੁੱਝਿਆ ਰਹਿੰਦਾ ਹੈ ਪਰ ਉਸ ਦਾ ਨਤੀਜਾ ਜ਼ੀਰੋ ਹੀ ਨਿਕਲਦਾ ਹੈ, ਇਥੋਂ ਤੱਕ ਕਿ ਆਪਣੇ ਜ਼ਰੂਰੀ ਕੰਮਾਂ ਨੂੰ ਵੀ ਬੰਦਾ ਭੁੱਲ ਜਾਂਦਾ ਹੈ। ਸੋ, ਸਾਨੂੰ ਸਾਰਿਆਂ ਨੂੰ ਇਹ ਮੋਬਾਈਲ ਦੇਖਣ ਵਾਲੇ ਨਸ਼ੇ ਤੋਂ ਬਚਣਾ ਹੋਵੇਗਾ, ਤਾਂ ਹੀ ਅਸੀਂ ਆਪਣੀ ਜ਼ਿੰਦਗੀ ਵਿਚ ਅੱਗੇ ਵਧ ਸਕਾਂਗੇ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੋਬਾਈਲ ਦੀ ਵਰਤੋਂ ਕਰਨੀ ਹੈ ਨਾ ਕਿ ਦੁਵਰਤੋਂ।
-ਅਸ਼ੀਸ਼ ਸ਼ਰਮਾ ਜਲੰਧਰ।
ਨਵੇਂ ਕਾਰਡ ਬਣਾਓ
ਪੰਜਾਬ ਵਿਚ ਕੌਮੀ ਅੰਨ ਸੁਰੱਖਿਆ ਕਾਨੂੰਨ ਅਧੀਨ ਅਨੇਕਾਂ ਹੀ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਮੁਹੱਈਆ ਕਰਵਾਈ ਜਾ ਰਹੀ ਹੈ। ਜਿਸ ਨਾਲ ਅਨੇਕਾਂ ਹੀ ਲੋਕਾਂ ਦਾ ਢਿੱਡ ਭਰਨ ਵਿਚ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਕਹੀ ਜਾ ਸਕਦੀ ਹੈ। ਪਰੰਤੂ ਦੂਜੇ ਪਾਸੇ ਕਾਫੀ ਸਮੇਂ ਤੋਂ ਨਵੇਂ ਕਣਕ-ਦਾਲ ਸਕੀਮ ਵਾਲੇ ਕਾਰਡ ਨਾ ਬਣਨ ਕਾਰਨ ਬਹੁਤ ਸਾਰੇ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਰਹੇ ਹਨ। ਇਸ ਤੋਂ ਇਲਾਵਾ ਜੇਕਰ ਨਵਾਂ ਬੱਚਾ ਜਨਮ ਲੈਂਦਾ ਹੈ, ਤਾਂ ਉਸ ਦਾ ਨਾਂਅ ਵੀ ਪਹਿਲਾਂ ਬਣੇ ਕਾਰਡ ਵਿਚ ਦਰਜ ਨਹੀਂ ਕੀਤਾ ਜਾਂਦਾ, ਅਤੇ ਨਾ ਹੀ ਵਿਆਹ ਉਪਰੰਤ ਲੜਕੀ ਦਾ ਨਾਂਅ ਉਸ ਦੇ ਸਹੁਰੇ ਘਰ ਦੇ ਰਾਸ਼ਨ ਕਾਰਡ ਵਿਚ ਦਰਜ ਕੀਤਾ ਜਾਂਦਾ ਹੈ, ਬੇਸ਼ੱਕ ਉਸ ਲੜਕੀ ਦੇ ਪੇਕੇ ਅਤੇ ਸਹੁਰੇ ਇਸ ਸਕੀਮ ਤਹਿਤ ਪਹਿਲਾਂ ਤੋਂ ਹੀ ਲਾਭ ਲੈ ਰਹੇ ਹੋਣ। ਸਰਕਾਰ ਨੂੰ ਗਰੀਬ ਲੋਕਾਂ ਦੀ ਇਸ ਸਮੱਸਿਆ ਦਾ ਜ਼ਰੂਰ ਹੱਲ ਕਰਨਾ ਚਾਹੀਦਾ ਹੈ।
-ਸਤਵੀਰ ਕੌਰ ਬੱਲੂਆਣਾ
ਪਿੰਡ ਤੇ ਡਾਕ. ਬੱਲੂਆਣਾ (ਬਠਿੰਡਾ)