17-06-2025
ਮੀਡੀਆ ਦੀ ਭਰੋਸੇ ਯੋਗਤਾ
ਭਾਰਤ-ਪਾਕਿਸਤਾਨ ਤਣਾਅ ਦੌਰਾਨ ਮੀਡੀਏ ਦੇ ਕੁਝ ਹਿੱਸੇ ਵਲੋਂ ਤੱਥ ਵਿਹੂਣੀਆਂ ਖ਼ਬਰਾਂ ਪ੍ਰਕਾਸ਼ਿਤ ਕਰਕੇ ਲੋਕ ਮਨਾਂ ਨੂੰ ਮਾਯੂਸ ਕੀਤਾ ਗਿਆ। ਇਸ ਸੰਬੰਧੀ ਅਖ਼ਬਾਰਾਂ ਵਿਚ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ। ਦਾਰਸ਼ਨਿਕਤਾ ਦਾ ਕਥਨ ਹੈ ਕਿ ਅਸੀਂ ਵਿਸ਼ਵਾਸ ਨਾਲ ਚੱਲਦੇ ਹਾਂ ਅੱਖਾਂ ਨਾਲ ਨਹੀਂ। ਦੂਜੇ ਪਾਸੇ ਜੇ ਵਿਸ਼ਵਾਸ ਟੁੱਟ ਜਾਵੇ ਤਾਂ ਬਹਾਲ ਨਹੀਂ ਹੋ ਸਕਦਾ। ਭਾਰਤ-ਪਾਕਿਸਤਾਨ ਤਣਾਅ ਦੌਰਾਨ ਮੀਡੀਏ ਦੇ ਕੁਝ ਹਿੱਸੇ ਵਲੋਂ ਭਰੋਸੇਯੋਗਤਾ ਦਾਅ 'ਤੇ ਲਗਾ ਲਈ। ਬ੍ਰਾਡਕਾਸਟਿੰਗ ਰਿਸਰਚ ਕੌਂਸਲ ਦੀ ਰਿਪੋਰਟ ਅਨੁਸਾਰ ਸੱਤ ਮਈ ਨੂੰ ਜਦੋਂ ਆਪ੍ਰੇਸ਼ਨ ਸੰਧੂਰ ਸਿਖ਼ਰ 'ਤੇ ਸੀ ਤਾਂ ਉਦੋਂ ਦੇਸ਼ ਦੀ ਵੱਡੀ ਆਬਾਦੀ ਆਈ.ਪੀ.ਐਲ. ਮੈਚ ਦੇਖ ਰਹੀ ਸੀ। ਅੱਠ ਮਈ ਨੂੰ ਸਾਢੇ ਅੱਠ ਤੋਂ ਸਾਢੇ ਨੌਂ ਵਜੋ ਦਰਮਿਆਨ ਸਟਾਰ ਸਪੋਰਟਸ ਹਿੰਦੀ ਵੰਨ 'ਤੇ ਪ੍ਰਤੀ ਮਿੰਟ ਔਸਤ ਦਰਸ਼ਕ 9345 ਸਨ। ਸਾਰੇ ਹਿੰਦੀ ਚੈਨਲਾਂ ਨੂੰ ਇਸੇ ਸਮੇਂ 4834 ਔਸਤ ਦਰਸ਼ਕ ਹੀ ਮਿਲੇ। ਇਸ ਰਿਪੋਰਟ ਅਨੁਸਾਰ ਮੈਚ ਰੋਕਣਾ ਪਿਆ। ਫ਼ੌਜੀ ਕਾਰਵਾਈ ਵੱਲ ਘੱਟ ਤਵੱਜੋ ਦਿੱਤੀ ਗਈ, ਜੋ ਕਿਤੇ ਨਾ ਕਿਤੇ ਨੈਤਿਕ ਕਮੀ ਦਰਸਾਉਂਦਾ ਹੈ। ਦੇਸ਼ ਦੀ ਮਹੱਤਵਪੂਰਨ ਘਟਨਾ ਨੂੰ ਇਲੈੱਕਟ੍ਰਿਕ ਮੀਡੀਆ ਵਿਚ ਦੇਖਣ ਲਈ ਘੱਟ ਦਿਲਚਸਪੀ ਕਿਉਂ? ਇਸ ਦਾ ਕਾਰਨ ਇਲੈੱਕਟ੍ਰਾਨਿਕ ਮੀਡੀਆ ਦੀ ਭਰੋਸੇਯੋਗਤਾ ਦੱਸੀ ਗਈ। ਤਾਜ਼ਾ ਰਿਪੋਰਟਾਂ ਅਤੇ ਹਾਲਾਤਾਂ ਅਨੁਸਾਰ ਮਨਘੜਤ ਅਤੇ ਤੱਥ ਵਿਹੂਣੀਆਂ ਖ਼ਬਰਾਂ ਸੰਵੇਦਨਸ਼ੀਲ ਸਮੇਂ ਵਿਚ ਕਿਸੇ ਕੀਮਤ 'ਤੇ ਜਾਇਜ਼ ਨਹੀਂ ਹੋਣੀਆਂ ਚਾਹੀਦੀਆਂ ਹਨ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਕੁਦਰਤ ਨੂੰ ਸੰਭਾਲਣ ਦੀ ਲੋੜ
ਅੱਜ-ਕੱਲ੍ਹ ਗਰਮੀ ਲਗਾਤਾਰ ਵਧ ਰਹੀ ਹੈ। ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਜੋ ਹੁਣ ਤਾਪਮਾਨ ਹੈ ਉਸ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਣਾ ਸਾਡੀ ਕੁਦਰਤ ਨਾਲ ਛੇੜਖਾਨੀ ਹੈ ਤੇ ਆਪਣੀ ਸਹੂਲਤ ਮੁਤਾਬਿਕ ਅਸੀਂ ਹਰ ਰੋਜ਼ ਕੁਦਰਤ ਦੀ ਦੁਰਵਰਤੋਂ ਕਰ ਰਹੇ ਹਾਂ। ਅਸੀਂ ਕਦੀ ਨਹੀਂ ਸੋਚਿਆ ਕਿ ਆਉਣ ਵਾਲੀ ਪੀੜ੍ਹੀ ਲਈ ਅਸੀਂ ਕਿੰਨਾ ਮੌਸਮ ਨੂੰ ਖ਼ਰਾਬ ਕਰ ਰਹੇ ਹਾਂ। ਇੰਨੀ ਗਰਮੀ ਵਿਚ ਅਸੀਂ ਘੁਟਣ ਮਹਿਸੂਸ ਕਰ ਰਹੇ ਹਾਂ। ਪਰ ਫਿਰ ਵੀ ਅਸੀਂ ਕੁਦਰਤ ਪ੍ਰਤੀ ਸੁਹਿਰਦ ਨਹੀਂ। ਆਓ, ਅਸੀਂ ਰਲ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਈਏ, ਸਭ ਤੋਂ ਪਹਿਲਾਂ ਅਸੀਂ ਆਪਣੇ ਆਪ 'ਤੇ ਇਨ੍ਹਾਂ ਗੱਲਾਂ ਨੂੰ ਲਾਗੂ ਕਰੀਏ। ਇਸ ਲਈ ਅਸੀਂ ਆਪਣੀ ਲੋੜ ਮੁਤਾਬਿਕ ਪਾਣੀ ਦੀ ਵਰਤੋਂ ਕਰੀਏ, ਲੋੜ ਤੋਂ ਵੱਧ ਦਰੱਖਤਾਂ ਨੂੰ ਲਾ ਕੇ ਉਨ੍ਹਾਂ ਦੀ ਦੇਖਰੇਖ ਕਰੀਏ, ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰੀਏ, ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰੀਏ, ਕਣਕ ਤੇ ਝੋਨੇ ਦੇ ਬਾਕੀ ਬਚੇ ਹੋਏ ਝਾੜ ਨੂੰ ਅੱਗ ਨਾ ਲਾਈਏ, ਏ.ਸੀ. ਦੀ ਲੋੜ ਅਨੁਸਾਰ ਵਰਤੋਂ ਕਰੀਏ।
-ਗੌਰਵ ਮੁੰਜਾਲ ਪੀ.ਸੀ.ਐਸ.।
ਲੋਕ ਕਮਲੇ, ਵਿਧਾਇਕ ਸਿਆਣੇ
ਇਸ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 94 ਵਿਧਾਇਕ ਹਨ। ਇਹ ਵੀ ਸੱਚ ਹੈ ਕਿ ਜੋ ਆਮ ਘਰਾਂ ਦੇ ਵਿਧਾਇਕ ਬਣੇ ਸੀ, ਜਿਨ੍ਹਾਂ ਕੋਲ ਆਪਣੀ ਸਕੂਟਰੀ ਜਾਂ ਮੋਬਾਈਲਾਂ ਦੀ ਦੁਕਾਨ ਸੀ, ਉਹ ਹੁਣ ਆਮ ਤੋਂ ਖ਼ਾਸ ਬਣ ਚੁੱਕੇ ਹਨ। ਤਕਰੀਬਨ ਸਾਰੇ ਵਿਧਾਇਕ ਹੀ ਕਰੋੜਪਤੀ ਬਣ ਚੁੱਕੇ ਹਨ। ਇਹ ਬਦਲਾਅ ਦੇਖਣ ਨੂੰ ਮਿਲਿਆ। ਇਕ ਗੀਤ 'ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀਂ' ਇਨ੍ਹਾਂ 'ਤੇ ਫਿੱਟ ਬੈਠਦਾ ਹੈ। ਹੁਣ ਗੱਲ ਕਰਦੇ ਹਾਂ ਵਿਧਾਇਕ ਲਾਭ ਸਿੰਘ ਉਗੋਕੇ ਦੀ। ਜੋ ਇਹ ਕਹਿੰਦਾ ਹੈ ਕਿ ਹੁਣ ਅਸੀਂ ਟਰਾਲੀ ਚੋਰਾਂ ਦੀ ਜਾਂਚ ਕਰਾਂਵਾਗੇ।
ਪਾਰਟੀ ਨੂੰ ਸਵਾ ਤਿੰਨ ਸਾਲ ਹੋ ਗਏ ਹਨ। ਇਕ ਚੈਨਲ ਤੇ ਲੋਕਾਂ ਨਾਲ ਗੱਲਬਾਤ ਤੇ ਭਦੌੜ ਵਿਖੇ ਜੋ ਲਾਭ ਸਿੰਘ ਉਗੋਕੇ ਵਿਧਾਇਕ ਦੀ ਆਮਦਨ ਬਾਰੇ ਖੁਲਾਸੇ ਕੀਤੇ ਹਨ, ਹੈਰਾਨ ਕਰਨ ਵਾਲੇ ਨੇ। ਪਹਿਲਾਂ ਤਾਂ ਵਿਧਾਇਕ ਦਾ ਦੂਜਾ ਵਿਆਹ, 5 ਏਕੜ ਜ਼ਮੀਨ, ਦੋ ਸੈਲਰ, ਚਾਰ ਚਾਰ ਕਰੋੜ ਦੇ, ਚੰਡੀਗੜ੍ਹ ਕੋਠੀ ਡੇਢ ਕਰੋੜ ਦੀ। ਝਾੜੂ ਦੀ ਕਿਰਪਾ ਰਹੀ, ਪੰਜ ਸਾਲ ਵਿਚ ਸੌ ਕਰੋੜ ਦਾ ਮਾਲਕ ਬਣੇਗਾ।
-ਹਰਜਿੰਦਰ ਪਾਲ ਸਿੰਘ
881ਏ, ਜਵੱਦੀ ਕਲਾਂ, ਲੁਧਿਆਣਾ।
ਬੱਚਿਆਂ ਨੂੰ ਨਹਿਰਾਂ 'ਚ ਨਹਾਉਣ ਤੋਂ ਵਰਜੋ
ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦੌਰਾਨ ਹਰ ਵਰ੍ਹੇ ਆਮ ਹੀ ਵੇਖਣ/ਸੁਣਨ ਵਿਚ ਆਉਂਦਾ ਹੈ ਕਿ ਗਰਮੀ ਤੋਂ ਬਚਣ ਲਈ ਨਾਬਾਲਗ ਬੱਚੇ ਆਪਣੇ ਸਾਥੀਆਂ ਨਾਲ ਰਲ ਕੇ ਬੇਸਮਝੀ ਵਿਚ ਵੱਡੀਆਂ ਨਹਿਰਾਂ ਜਾਂ ਹੋਰ ਪਾਣੀ ਦੇ ਡੂੰਘੇ ਸੋਮਿਆਂ ਵਿਚ ਨਹਾਉਣ ਲੱਗ ਜਾਂਦੇ ਹਨ। ਪਾਣੀ ਜ਼ਿਆਦਾ ਡੂੰਘਾ ਹੋਣ ਕਾਰਨ ਕਈ ਵਾਰ ਡੁੱਬਣ ਕਾਰਨ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ। ਮਾਪਿਆਂ ਨੂੰ ਇਸ ਪਾਸੇ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਕ ਵਾਰ ਮੌਕਾ ਹੱਥੋਂ ਖੁਸਣ ਤੋਂ ਬਾਅਦ ਪੱਲੇ ਨਿਰਾਸ਼ਾ ਹੀ ਰਹਿ ਜਾਂਦੀ ਹੈ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)