ਬੱਚਿਆਂ ਦੀ ਲੜਾਈ ਨੂੰ ਸੁਲਝਾਉਣ ਗਏ ਵਿਅਕਤੀ ਦਾ ਕਤਲ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ),1 ਅਪ੍ਰੈਲ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਬੀਤੀ ਰਾਤ ਸੁਨਾਮ ਸ਼ਹਿਰ ਦੇ ਇਕ ਮੁਹੱਲੇ 'ਚ ਬੱਚਿਆਂ ਦੀ ਮਾਮੂਲੀ ਲੜਾਈ ਤੋਂ ਬਾਅਦ ਹੋਏ ਝਗੜੇ ਨੂੰ ਸੁਲਝਾਉਣ ਗਏ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਥਾਨਕ ਇੰਦਰਾ ਬਸਤੀ 'ਚ ਹਨੂੰਮਾਨ ਮੰਦਿਰ ਨੇੜੇ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਤੋਂ ਬਾਅਦ ਤੈਸ਼ 'ਚ ਆਕੇ ਬੱਚਿਆਂ ਦੇ ਪਰਿਵਾਰ ਵੀ ਆਪਸ 'ਚ ਉਲਝ ਗਏ।ਰੌਲਾ ਪੈਣ 'ਤੇ ਰਾਜ ਕੁਮਾਰ ਆਪਣੇ ਭਤੀਜੇ ਬਲਿੰਦਰ ਕੁਮਾਰ ਸਮੇਤ ਦੋਵੇਂ ਧਿਰਾਂ ਨੂੰ ਸਮਝਾਉਣ ਲਈ ਜਿਵੇਂ ਹੀ ਮੌਕੇ 'ਤੇ ਗਿਆ ਤਾਂ ਇਕ ਧਿਰ ਵਲੋਂ ਆਪਣੀ ਹਮਾਇਤ 'ਚ ਅੱਧੀ ਦਰਜਨ ਨੌਜਵਾਨਾਂ ਨੂੰ ਬੁਲਾ ਲਿਆ ਗਿਆ। ਇਸ ਦੌਰਾਨ ਰਾਜ ਕੁਮਾਰ (50) ਪੁੱਤਰ ਛੋਟੂ ਰਾਮ ਵਾਸੀ ਇੰਦਰਾ ਬਸਤੀ ਸੁਨਾਮ ਦੀ ਕਿਰਚ ਮਾਰਕੇ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਮ੍ਰਿਤਕ ਦੇ ਭਤੀਜੇ ਬਲਿੰਦਰ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇੰਸਪੈਕਟਰ ਪ੍ਰਤੀਕ ਜਿੰਦਲ ਨੇ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਅੱਧੀ ਦਰਜਨ ਨੌਜਵਾਨਾਂ ਹੈਰੀ,ਸਾਵਨ,ਗੋਬਿੰਦ,ਅਮਨ,ਕਰਨ ਅਤੇ ਵਰੁਣ ਵਾਸੀਆਨ ਸੁਨਾਮ ਖਿਲਾਫ਼ ਬੀ. ਐਨ. ਐਸ. ਐਸ. ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
;
;
;
;
;
;
;
;