JALANDHAR WEATHER

ਪੰਥਕ ਵੰਡ ਨੇ ਹਮੇਸ਼ਾ ਪੰਥ ਨੂੰ ਕਮਜ਼ੋਰ ਤੇ ਬਾਹਰੀ ਤਾਕਤਾਂ ਨੂੰ ਮਜ਼ਬੂਤ ਕੀਤਾ- ਗਿਆਨੀ ਹਰਪ੍ਰੀਤ ਸਿੰਘ

ਜੰਡਿਆਲਾ ਗੁਰੂ, 10 ਜਨਵਰੀ (ਪ੍ਰਮਿੰਦਰ ਸਿੰਘ ਜੋਸਨ)- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਅਤੇ ਪੰਥ ਇਕ ਅਜਿਹੇ ਮੋੜ ’ਤੇ ਖੜ੍ਹੇ ਹਨ, ਜਿੱਥੇ ਸਿਆਸੀ ਸਹੂਲਤ ਨਹੀਂ, ਸਗੋਂ ਸੱਚੀ ਪੰਥਕ ਏਕਤਾ ਦੀ ਲੋੜ ਹੈ ਅਤੇ ਪੰਥਕ ਮਸਲਿਆਂ ਨੂੰ ਨਿੱਜੀ ਲਾਭ ਜਾਂ ਪਾਰਟੀਬਾਜ਼ੀ ਦੀ ਨਜ਼ਰ ਨਾਲ ਵੇਖਣਾ ਪੰਥ ਨਾਲ ਧੋਖਾ ਹੈ ਤੇ ਪੰਥਕ ਵੰਡ ਨੇ ਹਮੇਸ਼ਾ ਪੰਥ ਨੂੰ ਕਮਜ਼ੋਰ ਕੀਤਾ ਹੈ ਅਤੇ ਬਾਹਰੀ ਤਾਕਤਾਂ ਨੂੰ ਮਜ਼ਬੂਤ ਕੀਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਇਹ ਪ੍ਰਗਟਾਵਾ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਦੇ ਗ੍ਰਹਿ ਪਿੰਡ ਜਾਣੀਆਂ (ਨੇੜੇ ਜੰਡਿਆਲਾ ਗੁਰੂ ) ਵਿਖੇ ਪਾਰਟੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਅੰਦਰੂਨੀ ਖਿੱਚਾਂ ਤੋਂ ਉੱਪਰ ਉੱਠ ਕੇ ਸਾਂਝੇ ਮਸਲਿਆਂ ’ਤੇ ਇਕਜੁੱਟ ਹੋਵੇ, ਨਹੀਂ ਤਾਂ ਇਸ ਦੀ ਕੀਮਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੀ ਪਵੇਗੀ। ਐਸ. ਜੀ. ਪੀ. ਸੀ. ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਚੋਣਾਂ ਸਿਰਫ਼ ਪ੍ਰਬੰਧਕ ਬਦਲਣ ਦੀ ਕਾਰਵਾਈ ਨਹੀਂ, ਸਗੋਂ ਪੰਥ ਦੀ ਦਿਸ਼ਾ ਤੈਅ ਕਰਨ ਵਾਲਾ ਫ਼ੈਸਲਾ ਹੈ।

ਉਨ੍ਹਾਂ ਮੰਗ ਕੀਤੀ ਕਿ ਐਸ. ਜੀ. ਪੀ. ਸੀ. ਚੋਣਾਂ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਪੰਥਕ ਮਰਿਆਦਾ ਅਨੁਸਾਰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸੰਸਥਾ ’ਤੇ ਸੰਗਤ ਦਾ ਭਰੋਸਾ ਮੁੜ ਬਣ ਸਕੇ।
328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ’ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਸਲਾ ਸਿਰਫ਼ ਕਾਗਜ਼ੀ ਰਿਕਾਰਡ ਜਾਂ ਜਾਂਚ ਕਮੇਟੀਆਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਦੋਸ਼ੀਆਂ ਦੀ ਸਪੱਸ਼ਟ ਜਵਾਬਦੇਹੀ ਤੈਅ ਕਰਨ ਅਤੇ ਸੱਚ ਸੰਗਤ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੋਈ ਵੀ ਸਮਝੌਤਾ ਪੰਥ ਨਾਲ ਨਿਆਂ ਨਹੀਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ