ਮਨਰੇਗਾ ਸਕੀਮ ਬੰਦ ਨਹੀਂ ਹੋਈ, ਸਗੋਂ ਨਵੇਂ ਰੂਪ 'ਚ ਹੁਣ ਮਿਲਣਗੀਆਂ 125 ਦਿਹਾੜੀਆਂ - ਅਸ਼ਵਨੀ ਸ਼ਰਮਾ
ਪਠਾਨਕੋਟ, 9 ਜਨਵਰੀ (ਸੰਧੂ )-ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਮਨਰੇਗਾ ਤਹਿਤ ਪੰਜਾਬ ਦੇ 13 ਹਜ਼ਾਰ ਪਿੰਡਾਂ ਵਿਚੋਂ ਕਰੀਬ 10 ਹਜ਼ਾਰ ਵਿਚ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਇੱਕੋ ਸੜਕ ਨੂੰ 10 ਵਾਰ ਕਾਗ਼ਜ਼ਾਂ ‘ਚ ਪਾ ਕੇ ਸਰਕਾਰੀ ਖ਼ਜ਼ਾਨੇ ਦੀ ਖੁੱਲ੍ਹੀ ਲੁੱਟ ਕੀਤੀ ਗਈ,ਜਦਕਿ ਜ਼ਮੀਨੀ ਪੱਧਰ 'ਤੇ ਵਿਕਾਸ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਅਸ਼ਵਨੀ ਸ਼ਰਮਾ ਪਠਾਨਕੋਟ ਜ਼ਿਲੇ ਵਿੱਚ ਪੰਗੋਲੀ ਚੌਕ ਭਾਜਪਾ ਵਲੋਂ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੌਰਾਨ ਮਜ਼ਦੂਰਾਂ, ਵਰਕਰਾਂ, ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ। ਪੰਜਾਬ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਅਤੇ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਦੇ ਗਰੀਬ,ਮਜ਼ਦੂਰ ਅਤੇ ਕਿਸਾਨ ਨਾਲ ਧੋਖਾ ਕੀਤਾ ਹੈ। ਮਨਰੇਗਾ ਸਕੀਮ ਹੇਠ ਮਜ਼ਦੂਰਾਂ ਦੀ ਹਾਜ਼ਰੀ ਦੇ ਨਾਮ 'ਤੇ ਵੱਡੇ ਪੱਧਰ 'ਤੇ ਧੋਖਾਧੜੀ ਹੋਈ ਹੈ।
ਸ਼ਰਮਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਵਿਕਸਿਤ ਭਾਰਤ "ਜੀ ਰਾਮ ਜੀ" ਸਕੀਮ ਤਹਿਤ ਹੁਣ ਹੁਣ ਮਜਦੂਰਾਂ ਨੂੰ 125 ਦਿਨਾਂ ਲਈ ਰੁਜ਼ਗਾਰ ਦਿੱਤਾ ਜਾਵੇਗਾ ਜੀ ਕਿ ਪਹਿਲਾਂ 100 ਦਿਨ ਸੀ ਅਤੇ ਨਾਲ ਹੀ ਬਾਇਓਮੈਟ੍ਰਿਕ ਹਾਜ਼ਰੀ ਲਾਗੂ ਕਰਨ ਨਾਲ ਭ੍ਰਿਸ਼ਟਾਚਾਰ 'ਤੇ ਨੁਕੇਲ ਪਵੇਗੀ, ਕਿਉਂਕਿ ਹੁਣ ਅਸਲ ਮਜ਼ਦੂਰ ਹੀ ਮਜ਼ਦੂਰੀ ਦਾ ਹੱਕਦਾਰ ਹੋਵੇਗਾ ਤਾਂ ਆਪ ਅਤੇ ਕਾਂਗਰਸ ਦੀ ਨੀਂਦ ਉੱਡ ਗਈ। ਉਨ੍ਹਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਭ੍ਰਿਸ਼ਟਾਚਾਰ ‘ਤੇ ਪਲਦੀਆਂ ਹਨ, ਉਨ੍ਹਾਂ ਨੂੰ ਪਾਰਦਰਸ਼ੀ ਪ੍ਰਣਾਲੀਆਂ ਸਭ ਤੋਂ ਵੱਧ ਖਤਰਾ ਲੱਗਦੀਆਂ ਹਨ। ਇਸੇ ਲਈ ਮਨਰੇਗਾ ਬਾਰੇ ਝੂਠੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਕੀਮ ਬੰਦ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਬੰਦ ਨਹੀਂ ਕੀਤੀ ਜਾ ਰਹੀ, ਬਲਕਿ ਇਸ ਦਾ ਰੂਪ ਬਦਲ ਕੇ ਇਸਨੂੰ ਹੋਰ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਫੁਟਕਲ ਖ਼ਰਚਿਆਂ ਦੀ ਸੀਮਾ 6 ਫ਼ੀਸਦੀ ਤੋਂ ਵਧਾ ਕੇ 9 ਫ਼ੀਸਦੀ ਕਰ ਦਿੱਤੀ ਹੈ।
;
;
;
;
;
;
;