ਅਮਰੀਕਾ: ਇੰਡਿਆਨਾ ’ਚ ਦੋ ਪੰਜਾਬੀ ਟਰੱਕ ਡਰਾਇਵਰਾਂ ਕੋਲੋਂ ਲੱਖਾਂ ਡਾਲਰ ਕੀਮਤ ਦੀ ਕੋਕੀਨ ਬਰਾਮਦ
ਸਾਨ ਫਰਾਂਸਿਸਕੋ,5 ਜਨਵਰੀ (ਐਸ. ਅਸ਼ੋਕ ਭੌਰਾ)- ਪੁਟਨਮ ਕਾਉਂਟੀ, ਇੰਡੀਆਨਾ-ਟਰੰਪ ਪ੍ਰਸਾਸ਼ਨ ਦੀ ਡਰੱਗ, ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਤੇ ਇਮੌਗ੍ਰੇਸ਼ਨ ਨੀਤੀਆਂ ’ਤੇ ਸਖ਼ਤੀ ਦੌਰਾਨ ਦੋ ਪੰਜਾਬੀ ਟਰੱਕ ਡਰਾਇਵਰਾਂ ਕੋਲੋਂ ਕਰੀਬ 70 ਲੱਖ ਡਾਲਰ (63 ਕਰੋੜ ਰੁਪਏ) ਦੇ ਮੁੱਲ ਦੀ ਕੋਕੀਨ ਬਰਾਮਦ ਹੋਣ ਨਾਲ ਨਵੀਆਂ ਚਿੰਤਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਇਹ ਸਭ ਕੁਝ ਉਸ ਵੇਲੇ ਵਾਪਰਿਆ ਹੈ ਜਦੋਂ ਟਰੱਕਿੰਗ ਇੰਡਸਟਰੀ ਤੇ ਪੰਜਾਬੀ ਟਰੱਕ ਡਰਾਇਵਰ ਪਹਿਲਾਂ ਹੀ ਵਰਤਮਾਨ ਹਾਲਾਤ ਦੇ ਗੰਭੀਰ ਸੰਕਟ ’ਚੋਂ ਗੁਜ਼ਰ ਰਹੇ ਹਨ।
ਇੰਡੀਆਨਾ ਸੂਬੇ ਦੀ ਪੁਟਨਮ ਕਾਂਊਂਟੀ ’ਚ ਪੁਲਿਸ ਵਲੋਂ ਇਕ ਨਿਯਮਤ ਟ੍ਰਾਂਸਪੋਰਟੇਸ਼ਨ ਵਿਭਾਗ ਨਿਰੀਖਣ ਦੌਰਾਨ ਅੰਦਾਜ਼ਨ 70 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦੀ ਖਬਰ ਹੈ। ਪੁਲਿਸ ਹਵਾਲੇ ਅਨੁਸਾਰ ਪੁਟਨਮ ਕਾਉਂਟੀ ਵਿਚ ਹਾਈਵੇ 70 'ਤੇ ਇਕ ਨੀਲੇ ਅੰਤਰਰਾਸ਼ਟਰੀ ਸੈਮੀ ਟਰੈਕਟਰ-ਟ੍ਰੇਲਰ ਨੂੰ ਜਦੋਂ ਇਕ ਆਮ ਜਾਂਚ ਲਈ ਰੋਕਿਆ ਤਾਂ ਘਬਰਾਏ ਚਾਲਕ ਵੇਖ ਕੇ ‘ਕੇ-9’ਨੂੰ ਬੁਲਾਇਆ ਤੇ ਤਲਾਸ਼ੀ ਦੌਰਾਨ, ਜਿਥੇ ਡਰਾਈਵਰ ਸੌਂਦਾ ਹੈ, ਤੋਂ 309 ਪੌਂਡ ਕੋਕੀਨ ਮਿਲੀ। ਕੈਲੀਫੋਰਨੀਆ ਦੇ ਦੋ ਟਰੱਕ ਡਰਾਇਵਰਾਂ 25 ਸਾਲਾ ਗੁਰਪ੍ਰੀਤ ਅਤੇ 30 ਸਾਲਾ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁਟਨਮ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ’ਚੋਂ ਇਕ ਫਰਿਜਨੋ ਤੇ ਦੂਜਾ ਸੈਂਟਾ ਕਲਾਰਾ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ’ਤੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਲਗਾਏ ਗਏ ਹਨ ਤੇ ਸਜ਼ਾ ਭੁਗਤਣ ਉਪਰੰਤ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਪੁਲਿਸ ਮੁਖੀ ਬ੍ਰੋਨ ਨੇ ਕਿਹਾ ਕਿ ਇੰਡੀਆਨਾ ਵਿਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਲਈ ਜ਼ੀਰੋ ਸਹਿਣਸ਼ੀਲਤਾ ਹੈ ਤੇ ਸੰਘੀ ਅਤੇ ਸਥਾਨਕ ਭਾਈਵਾਲਾਂ ਨਾਲ ਤਾਲਮੇਲ ਵਾਲੇ ਯਤਨਾਂ ਰਾਹੀਂ ਇੰਡੀਆਨਾ ਸਟੇਟ ਪੁਲਿਸ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਭਾਈਚਾਰਿਆਂ ਵਿਚ ਨੁਕਸਾਨ ਪਹੁੰਚਾਉਣ ਤੋਂ ਸਰਗਰਮੀ ਨਾਲ ਰੋਕ ਰਹੀ ਹੈ। ਇਹ ਸਟੇਟ ਅੰਦਰ ਲਿਆਂਦੇ ਜਾ ਰਹੇ ਖਤਰਨਾਕ ਨਸ਼ੀਲੇ ਪਦਾਰਥਾਂ ਨੂੰ ਰੋਕਣ ਦੇ ਯਤਨਾਂ ਦਾ ਹਿੱਸਾ ਹੈ।
;
;
;
;
;
;
;
;