ਹੈਰੋਇਨ, ਨਾਜਾਇਜ਼ ਸ਼ਰਾਬ, ਲਾਹਣ ਤੇ ਖੋਹ ਕੀਤੀ ਗੱਡੀ ਸਮੇਤ 5 ਕਾਬੂ

ਰਾਜਾਸਾਂਸੀ, 12 ਸਤੰਬਰ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਮਨਿੰਦਰ ਸਿੰਘ ਅਤੇ ਰਾਜਾਸਾਂਸੀ ਦੇ ਡੀ. ਐਸ. ਪੀ. ਇੰਦਰਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਵੱਖ-ਵੱਖ ਮਾਮਲਿਆਂ ਵਿਚ 18 ਗ੍ਰਾਮ ਹੈਰੋਇਨ, 2250 ਗ੍ਰਾਮ ਨਾਜਾਇਜ਼ ਸ਼ਰਾਬ, 550 ਕਿੱਲੋ ਲਾਹਣ, ਇਕ ਖੋਹ ਕੀਤੀ ਗੱਡੀ ਬਰਾਮਦ ਕਰਕੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇੰਦਰਜੀਤ ਸਿੰਘ ਡੀ.ਐਸ.ਪੀ. ਰਾਜਾਸਾਂਸੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਸ਼ਮਸ਼ਾਨਘਾਟ ਰਾਜਾਸਾਂਸੀ ਤੋਂ ਨਾਕਾਬੰਦੀ ਦੌਰਾਨ ਸਤਨਾਮ ਸਿੰਘ ਵਾਸੀ ਧੌਲ ਕਲਾਂ ਤੇ ਲਵਦੀਪ ਸਿੰਘ ਵਾਸੀ ਮਾਹਲ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਨ੍ਹਾਂ ਦੋਵੇਂ ਵਿਅਕਤੀਆਂ ਉਤੇ ਨਸ਼ੀਲੇ ਪਦਾਰਥਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਾਸਾਂਸੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਉਤੇ ਹਰਪ੍ਰੀਤ ਸਿੰਘ ਵਾਲੀ ਬਲੱਗਣ, 22500 ਐਮ. ਐਲ. ਨਾਜਾਇਜ਼ ਸ਼ਰਾਬ, 550 ਲੀਟਰ ਲਾਹਣ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ।
ਡੀ. ਐਸ. ਪੀ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਕ ਗੱਡੀ ਖੋਹ ਦੇ ਮਾਮਲੇ ਵਿਚ ਮੇਹਰਜੋਤ ਸਿੰਘ ਨਾਂਅ ਦੇ ਇਕ ਵਿਅਕਤੀ ਵਲੋਂ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਇਤਲਾਹ ਦਿੱਤੀ ਸੀ ਕਿ ਗੁਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹਰੜ ਕਲਾਂ ਅਤੇ ਨਰਿੰਦਰਪਾਲ ਸਿੰਘ ਉਰਫ ਜੋਗੀ ਪੁੱਤਰ ਕਰਤਾਰ ਸਿੰਘ ਵਲੋਂ ਉਸ ਦੀ ਗੱਡੀ ਖੋਹ ਲਈ ਗਈ ਹੈ, ਜਿਸ ਦੌਰਾਨ ਉਕਤ ਦੋਵੇਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫਤਾਰ ਦੋਸ਼ੀਆਂ ਦੇ ਅਗਲੇ ਤੇ ਪਿਛਲੇ ਸਬੰਧਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਅਵੇਗੀ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।