ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਹੁਣ ਲੰਮੀਆਂ ਇਮੀਗ੍ਰੇਸ਼ਨ ਕਤਾਰਾਂ 'ਚ ਨਹੀਂ ਖੜ੍ਹਾ ਹੋਣਾ ਪਵੇਗਾ - ਡਾਇਰੈਕਟਰ

ਰਾਜਾਸਾਂਸੀ, 12 ਸਤੰਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਦੇ ਡਾਇਰੈਕਟਰ ਸ੍ਰੀ ਐਸ. ਕੇ. ਕਪਾਹੀ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਵਾਲੇ ਜਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਨੂੰ ਲੰਬੀਆਂ ਇਮੀਗ੍ਰੇਸ਼ਨ ਲਾਈਨਾਂ ਵਿਚ ਨਹੀਂ ਖੜ੍ਹੇ ਹੋਣਾ ਪਵੇਗਾ। ਉਨ੍ਹਾਂ ਦੱਸਿਆ ਇਮੀਗ੍ਰੇਸ਼ਨ ਵਿਭਾਗ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਵੀਡੀਓ ਕਾਨਫਰੰਸਿੰਗ ਰਾਹੀਂ ਫਾਸਟ ਟ੍ਰੈਕ ਇਮੀਗ੍ਰੇਸ਼ਨ ਟਰੱਸਟਡ ਟਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜੋ ਕੱਲ੍ਹ ਤੋਂ ਹੀ ਲਾਗੂ ਹੋ ਗਈ ਹੈ। ਇਸ ਨਵੀਂ ਸਹੂਲਤ ਤਹਿਤ ਯਾਤਰੀ ਕੇਵਲ ਆਪਣੇ ਬੋਰਡਿੰਗ ਪਾਸ ਅਤੇ ਪਾਸਪੋਰਟ ਨੂੰ ਸਕੈਨ ਕਰਨਗੇ, ਜਿਸ ਤੋਂ ਬਾਅਦ ਬਾਇਓਮੈਟ੍ਰਿਕ ਪਛਾਣ ਰਾਹੀਂ ਈ-ਗੇਟ ਆਪਣੇ ਆਪ ਖੁੱਲ੍ਹ ਜਾਵੇਗਾ ਅਤੇ ਇਮੀਗ੍ਰੇਸ਼ਨ ਕਲੀਅਰੈਂਸ ਦਿੱਤੀ ਜਾਵੇਗੀ। ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ. ਸੀ. ਆਈ.) ਕਾਰਡ ਧਾਰਕਾਂ ਨੂੰ ਇਸ ਸਕੀਮ ਦਾ ਲਾਭ ਮੁਫ਼ਤ ਮਿਲੇਗਾ। ਦਿਲਚਸਪੀ ਰੱਖਣ ਵਾਲੇ ਯਾਤਰੀ https:/ftittp.mha.gov.in ਪੋਰਟਲ 'ਤੇ ਆਨਲਾਈਨ ਰਜਿਸਟਰਡ ਕਰ ਸਕਦੇ ਹਨ। ਬਾਇਓਮੈਟ੍ਰਿਕ ਡੇਟਾ ਹਵਾਈ ਅੱਡੇ ਜਾਂ ਨਜ਼ਦੀਕੀ ਐਫ. ਆਰ. ਆਰ. ਓ. ਦਫਤਰ ਵਿਚ ਦਰਜ ਕੀਤਾ ਜਾਵੇਗਾ। ਇਹ ਸਕੀਮ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਯਾਤਰਾ ਨੂੰ ਵਧੇਰੇ ਆਰਾਮਦਾਇਕ ਅਤੇ ਕੁਸ਼ਲ ਬਣਾਏਗੀ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਅਨੁਭਵ ਮਿਲੇਗਾ।
ਅਮਿਤ ਸ਼ਾਹ ਨੇ ਕਿਹਾ ਕਿ ਇਹ ਸਹੂਲਤ ਯਾਤਰੀਆਂ ਨੂੰ ਵੱਡੀ ਰਾਹਤ ਦੇਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਤਕਨਾਲੋਜੀ ਦੇ ਨਾਲ-ਨਾਲ ਵਿਸ਼ਵਾਸ ਵਧਾਉਣ ਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਨਾਲ ਵੱਧ ਤੋਂ ਵੱਧ ਯਾਤਰੀਆਂ ਨੂੰ ਜੋੜਨ। ਡਾਇਰੈਕਟਰ ਸੁਧੀਰ ਕੁਮਾਰ ਕਪਾਹੀ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇਲਾਵਾ ਫਾਸਟ ਟਰੈਕ ਇਮੀਗ੍ਰੇਸ਼ਨ ਸਿਸਟਮ ਦੀ ਇਹ ਸਹੂਲਤ ਲਖਨਊ, ਕੋਜ਼ੀਕੋਡ, ਤਿਰੂਵਨੰਤਪੁਰਮ ਅਤੇ ਤਿਰੂਚਿਰਾਪੱਲੀ ਹਵਾਈ ਅੱਡਿਆਂ 'ਤੇ ਸ਼ੁਰੂ ਕੀਤੀ ਗਈ ਹੈ। ਸਰਕਾਰ ਆਉਣ ਵਾਲੇ ਸਮੇਂ ਵਿਚ ਦੇਸ਼ ਦੇ 21 ਹਵਾਈ ਅੱਡਿਆਂ 'ਤੇ ਇਸਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।