ਬਾਸਮਤੀ ਦੀ ਆਮਦ ਸ਼ੁਰੂ, ਵਧੀਆ ਝਾੜ ਰਹਿਣ ਦੀ ਉਮੀਦ

ਮਾਛੀਵਾੜਾ ਸਾਹਿਬ, 9 ਸਤੰਬਰ (ਮਨੋਜ ਕੁਮਾਰ)- ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਦੀ ਆਮਦ ਦੀ ਸ਼ੁਰੂਆਤ ਹੋ ਗਈ ਤੇ 3211 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਸ ਦੀ ਪਹਿਲੀ ਖਰੀਦ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਅਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਦੱਸਿਆ ਕਿ ਭਾਵੇਂ ਪੰਜਾਬ ਦੀਆਂ ਹੋਰ ਵੱਖ-ਵੱਖ ਮੰਡੀਆਂ ਵਿਚ ਬਾਸਮਤੀ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਸਥਾਨਕ ਦਾਣਾ ਮੰਡੀ ਵਿਖੇ ਆੜ੍ਹਤੀ ਜੇ.ਐੱਨ ਟਰੇਡਰ ਦੀ ਦੁਕਾਨ ’ਤੇ ਪਿੰਡ ਨਾਨੋਵਾਲ ਦੇ ਕਿਸਾਨ ਗੁਰਜੀਤ ਸਿੰਘ ਦੀ 70 ਕੁਇੰਟਲ ਬਾਸਮਤੀ ਦੀ ਇਹ ਪਹਿਲੀ ਆਮਦ ਹੈ ਤੇ ਪਿਛਲੇ ਸਾਲ ਦੇ ਸੀਜਨ ਮੁਕਾਬਲੇ ਇਸ ਵਾਰ ਇਸਦਾ ਭਾਅ ਵੱਧ ਕੇ 3211 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਹੈ।
ਉਨ੍ਹਾਂ ਇਲਾਕੇ ਦੇ ਹੋਰ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਫਸਲ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਦਾ ਸਹੀ ਅਤੇ ਵਾਜਿਬ ਮੁੱਲ ਮਿਲ ਸਕੇ। ਇਸ ਮੌਕੇ ਮਾਰਕਿਟ ਕਮੇਟੀ ਦਾ ਹੋਰ ਅਮਲਾ ਵੀ ਮੌਜੂਦ ਸੀ।