JALANDHAR WEATHER

ਹਿਮਾਚਲ: ਕੁੱਲੂ ਵਿਚ ਜ਼ਮੀਨ ਖਿਸਕਣ ਨਾਲ ਇਕ ਔਰਤ ਦੀ ਮੌਤ, ਪਰਿਵਾਰ ਦੇ ਚਾਰ ਹੋਰ ਮੈਂਬਰ ਲਾਪਤਾ

ਸ਼ਿਮਲਾ, 9 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਨਿਰਮੰਡ ਖੇਤਰ ਵਿਚ ਜ਼ਮੀਨ ਖਿਸਕਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਉਸਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਅਜੇ ਲਾਪਤਾ ਦੱਸੇ ਜਾ ਰਹੇ ਹਨ। ਇਹ ਹਾਦਸਾ ਤੜਕਸਾਰ ਕਰੀਬ 1:30 ਤੋਂ 2 ਵਜੇ ਦੇ ਵਿਚਾਕਰ ਭਾਰੀ ਮੀਂਹ ਕਾਰਨ ਵਾਪਰਿਆ।

ਜ਼ਿਲ੍ਹੇ ਦੇ ਘਾਟੂ ਪੰਚਾਇਤ ਦੇ ਸ਼ਰਮਨੀ ਪਿੰਡ ਵਿਚ ਜ਼ਮੀਨ ਖਿਸਕਣ ਕਾਰਨ ਦੋ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। ਗ੍ਰਾਮ ਪੰਚਾਇਤ ਪ੍ਰਧਾਨ ਭੋਗਾ ਰਾਮ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਦੇ ਮਲਬੇ ਵਿਚ ਫਸੇ ਹੋਣ ਦਾ ਖਦਸ਼ਾ ਹੈ।

ਮ੍ਰਿਤਕ ਔਰਤ ਦੀ ਪਛਾਣ ਸ਼ਿਵ ਰਾਮ ਦੀ ਪਤਨੀ ਬ੍ਰਾਸੀਤੀ ਦੇਵੀ ਵਜੋਂ ਹੋਈ ਹੈ, ਜਦੋਂ ਕਿ ਚੁੰਨੀ ਲਾਲ, ਅੰਜੂ, ਜਾਗ੍ਰਿਤੀ ਅਤੇ ਪੁਪੇਸ਼ ਅਜੇ ਵੀ ਲਾਪਤਾ ਹਨ ਅਤੇ ਪਿੰਡ ਵਿਚ ਖੋਜ ਕਾਰਜ ਜਾਰੀ ਹਨ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦੇ ਦਫ਼ਤਰ ਨੂੰ ਇਸ ਦੁਖਾਂਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਾਸੀ ਰਾਤ ਤੋਂ ਹੀ ਖੋਜ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ।

20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 8 ਸਤੰਬਰ ਤੱਕ ਰਾਜ ਵਿਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿਚ ਕੁੱਲ 370 ਲੋਕਾਂ ਦੀ ਮੌਤ ਹੋ ਚੁੱਕੀ ਹੈ।

370 ਮੌਤਾਂ ਵਿਚੋਂ 205 ਮੀਂਹ ਨਾਲ ਸੰਬੰਧਿਤ ਘਟਨਾਵਾਂ ਕਾਰਨ ਹੋਈਆਂ ਹਨ, ਜਿਨ੍ਹਾਂ ਵਿਚ 43 ਮੌਤਾਂ ਜ਼ਮੀਨ ਖਿਸਕਣ ਨਾਲ, 17 ਬੱਦਲ ਫਟਣ ਨਾਲ ਅਤੇ 9 ਅਚਾਨਕ ਹੜ੍ਹਾਂ ਕਾਰਨ ਹੋਈਆਂ ਹਨ। ਇਸ ਤੋਂ ਇਲਾਵਾ, ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, 41 ਲੋਕ ਅਜੇ ਵੀ ਲਾਪਤਾ ਹਨ, ਜਦੋਂ ਕਿ ਸੜਕ ਹਾਦਸਿਆਂ ਵਿਚ 165 ਮੌਤਾਂ ਹੋਈਆਂ ਹਨ।

ਕੁੱਲੂ ਵਿਚ ਸੋਮਵਾਰ ਤੱਕ ਜ਼ਮੀਨ ਖਿਸਕਣ ਦੀਆਂ 22 ਘਟਨਾਵਾਂ ਵਿਚ ਵਧ ਤੋਂ ਵਧ 15 ਲੋਕਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ