ਹਲਕਾ ਦਾਖਾ (ਲੁਧਿ: ਦਿਹਾਤੀ) ਦੇ ਹਜ਼ਾਰਾਂ ਕਿਸਾਨ ਟਰੈਕਟਰ ਰੋਸ ਮਾਰਚ ’ਚ ਸ਼ਾਮਿਲ

ਮੁੱਲਾਂਪੁਰ-ਦਾਖਾ (ਲੁਧਿਆਣਾ), 30 ਜੁਲਾਈ (ਨਿਰਮਲ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਲਿਆਉਣ ਦਾ ਰੋਹ (ਗੁੱਸਾ) ਕਿਸਾਨਾਂ ’ਚ ਵਧਦਾ ਜਾ ਰਿਹਾ ਹੈ।। ਅੱਜ ਖੇਡ ਗਰਾਊਂਡ ਦਾਖਾ ਨੇੜੇ ਸੈਕੜੇ ਟਰੈਕਟਰ ਟਰਾਲੀਆਂ ’ਤੇ ਸਵਾਰ ਹਜ਼ਾਰਾਂ ਕਿਸਾਨ ਲੈਂਡ ਪੂਲਿੰਗ ਦੇ ਵਿਰੋਧ ’ਚ ਰੋਸ ਲਈ ਇਕੱਤਰ ਹੋਏ।
ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਕਿਸਾਨਾਂ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਸਕੀਮ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਅਨਿਸ਼ਚਿਤ ਭਵਿੱਖ ਨੂੰ ਸਾਹਮਣੇ ਰੱਖਦਿਆਂ ਇਕ ਮਰਲਾ ਜ਼ਮੀਨ ਵੀ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ। ਦਾਖਾ ਖੇਡ ਗਰਾਊਂਡ ਤੋਂ ਸ਼ੁਰੂ ਟਰੈਕਟਰ ਰੋਸ ਮਾਰਚ ਪਿੰਡ ਕੈਲਪੁਰ, ਚੱਕ ਕਲਾਂ, ਭੱਟੀਆਂ ਢਾਹਾ, ਮਲਕਪੁਰ, ਬੀਰਮੀ, ਬਸੈਮੀ, ਫਾਗਲਾ, ਈਸੇਵਾਲ, ਦੇਤਵਾਲ ਤੋਂ ਹੁੰਦਾ ਹੋਇਆ ਸ਼ਾਮ ਨੂੰ ਪਿੰਡ ਗਹੌਰ ਵਿਖੇ ਸਮਾਪਤ ਹੋਵੇਗਾ। ਟਰੈਕਟਰ ਰੋਸ ਮਾਰਚ ਕੱਢ ਰਹੇ ਕਿਸਾਨਾਂ ਲਈ ਪਿੰਡਾਂ ’ਚ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੇਖਣ ਨੂੰ ਮਿਲੀਆਂ।