ਸੰਸਦ ਮੌਨਸੂਨ ਇਜਲਾਸ: ਸਰਬ ਪਾਰਟੀ ਮੀਟਿੰਗ ’ਚ ਸਦਨ ਚਲਾਉਣ ਨੂੰ ਲੈ ਕੇ ਬਣੀ ਸਹਿਮਤੀ

ਨਵੀਂ ਦਿੱਲੀ, 25 ਜੁਲਾਈ- ਅੱਜ ਮੌਨਸੂਨ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਹੇਠਲੇ ਸਦਨ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਅਤੇ ਮੈਂਬਰਾਂ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਆਪ੍ਰੇਸ਼ਨ ਸੰਧੂਰ ’ਤੇ ਸੈਸ਼ਨ ਕਰਵਾਉਣ ’ਤੇ ਵੀ ਚਰਚਾ ਹੋਈ। ਅੱਜ ਸਵੇਰੇ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਉਪਰਲੇ ਸਦਨ ਦੀ ਮੀਟਿੰਗ ਹੁਣ ਸੋਮਵਾਰ ਨੂੰ ਸਵੇਰੇ 11 ਵਜੇ ਹੋਵੇਗੀ, ਜਦੋਂ ਕਿ ਲੋਕ ਸਭਾ ਦੁਪਹਿਰ 2 ਵਜੇ ਮੁੜ ਸ਼ੁਰੂ ਹੋਵੇਗੀ। ਸੋਮਵਾਰ (28 ਜੁਲਾਈ) ਤੋਂ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਤੇ ਸਹਿਮਤੀ ਬਣ ਗਈ ਹੈ।
ਉਸੇ ਦਿਨ ਆਪ੍ਰੇਸ਼ਨ ਸੰਧੂਰ ’ਤੇ ਵੀ ਚਰਚਾ ਕੀਤੀ ਜਾਵੇਗੀ। ਬਿਹਾਰ ਵਿਚ ਚੱਲ ਰਹੇ ਵਿਸ਼ੇਸ਼ ਤੀਬਰ ਸਮੀਖਿਆ ’ਤੇ ਚਰਚਾ ਦੀ ਮੰਗ ਕਰਨ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ, ਸਪੀਕਰ ਓਮ ਬਿਰਲਾ ਨੇ ਸੰਸਦ ਵਿਚ ਪ੍ਰਸ਼ਨ ਕਾਲ, ਚਰਚਾ ਅਤੇ ਗੱਲਬਾਤ ਜਾਰੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਸੰਸਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਜਨਤਕ ਹਿੱਤ ਦੇ ਮੁੱਦਿਆਂ ’ਤੇ ਬਹਿਸ ਕਰਨੀ ਚਾਹੀਦੀ ਹੈ। ਜਦੋਂ ਵਿਰੋਧੀ ਧਿਰ ਦੇ ਮੈਂਬਰ ਤਖ਼ਤੀਆਂ ਲੈ ਕੇ ਸਦਨ ਦੇ ਵਿਚਕਾਰ ਆਏ, ਓਮ ਬਿਰਲਾ ਨੇ ਕਿਹਾ ਕਿ ਵਿਰੋਧ ਦਰਜ ਕਰਨ ਦਾ ਇਕ ਤਰੀਕਾ ਹੈ। ਜੇਕਰ ਤੁਸੀਂ ਸੰਸਦ ਨਹੀਂ ਚਲਾਉਣਾ ਚਾਹੁੰਦੇ... ਤਾਂ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਜਾਂਦੀ ਹੈ।