ਮ੍ਰਿਤਕ ਨੌਜਵਾਨ ਬੇਅੰਤ ਸਿੰਘ ਠੀਕਰੀਵਾਲਾ ਦੀ ਲਾਸ਼ ਕੈਨੇਡਾ ਤੋਂ 18 ਦਿਨਾਂ ਬਾਅਦ ਪਿੰਡ ਪੁੱਜੀ

ਮਹਿਲ ਕਲਾਂ, 20 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਠੀਕਰੀਵਾਲਾ (ਬਰਨਾਲਾ) ਦੇ ਨੌਜਵਾਨ ਬੇਅੰਤ ਸਿੰਘ (30) ਪੁੱਤਰ ਸਵ: ਬਚਿੱਤਰ ਸਿੰਘ ਦੀ 2 ਜੁਲਾਈ ਨੂੰ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਅੱਜ ਉਸ ਦੀ ਲਾਸ਼ 18 ਦਿਨਾਂ ਬਾਅਦ ਪਿੰਡ ਠੀਕਰੀਵਾਲਾ ਪੁੱਜੀ। ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿਤੀ ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਕੱਤਰ, ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਚੇਅਰਮੈਨ ਸੁਖਵਿੰਦਰ ਦਾਸ ਆਦਿ ਆਗੂਆਂ ਨੇ ਪਿੰਡ ਠੀਕਰੀਵਾਲਾ ਪੁੱਜ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਬੇਅੰਤ ਸਿੰਘ ਇਸੇ ਸਾਲ ਅਪ੍ਰੈਲ ਮਹੀਨੇ 'ਚ ਰੋਜ਼ੀ ਰੋਟੀ ਲਈ ਕੈਨੇਡਾ ਗਿਆ ਸੀ। 2 ਜੁਲਾਈ ਨੂੰ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ 5 ਭੈਣਾਂ ਦਾ ਇਕਲੌਤਾ ਭਰਾ ਅਤੇ ਵਿਧਵਾ ਮਾਂ ਮਲਕੀਤ ਕੌਰ ਦਾ ਇਕੋ-ਇਕ ਸਹਾਰਾ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਭੇਜਿਆ ਸੀ, ਪਰ ਉਥੇ ਇਹ ਦੁਖਦਾਈ ਹਾਦਸਾ ਵਾਪਰ ਗਿਆ।