ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ 'ਚ ਇਕ ਮੁਲਜ਼ਮ ਜ਼ਖਮੀ

ਜਗਰਾਉਂ, 19 ਜੁਲਾਈ-ਵਪਾਰੀ 'ਤੇ ਕਾਤਲਾਨਾ ਹਮਲੇ ਦੇ ਦੋਸ਼ 'ਚ ਗ੍ਰਿਫਤਾਰ ਦੋ ਸ਼ੂਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ 'ਚ ਇਕ ਸ਼ੂਟਰ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸੈਨੇਟਰੀ ਸਟੋਰ ਦੇ ਮਾਲਕ 'ਤੇ ਹਮਲੇ ਦੇ ਦੋਸ਼ਾਂ 'ਚ ਗ੍ਰਿਫਤਾਰ ਸ਼ੂਟਰਾਂ ਵਲੋਂ ਦੇਰ ਰਾਤ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦੀ ਜਵਾਬੀ ਕਾਰਵਾਈ 'ਚ ਪੁਲਿਸ ਨੇ ਇਕ ਸ਼ੂਟਰ 'ਤੇ ਗੋਲੀ ਚਲਾ ਕੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। ਪੁਲਿਸ ਜਗਰਾਉਂ ਦੇ ਪਿੰਡ ਰੂਮੀ ਵਿਖੇ ਸੈਨੇਟਰੀ ਸਟੋਰ ਦੇ ਮਾਲਕ 'ਤੇ ਹਮਲਾ ਕਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੀ ਸੀ ਤਾਂ ਰਸਤੇ 'ਚ ਕਥਿਤ ਦੋਸ਼ੀਆਂ ਨੇ ਪਿੰਡ ਸੋਹੀਆਂ ਨੇੜੇ ਵਾਰਦਾਤ 'ਚ ਵਰਤਿਆ ਪਿਸਟਲ ਦੱਬੇ ਹੋਣ ਦੀ ਗੱਲ ਆਖੀ ਤਾਂ ਚਲਾਕੀ ਵਰਤਦਿਆਂ ਪਿਸਟਲ ਕੱਢ ਕੇ ਪੁਲਿਸ ਟੀਮ 'ਤੇ ਹੀ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪੁਲਿਸ ਨੂੰ ਵੀ ਜਵਾਬੀ ਫਾਇਰਿੰਗ ਕਰਨੀ ਪਈ, ਜਿਸ ਨਾਲ ਸ਼ੂਟਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਤੇ ਇਕ ਨੌਜਵਾਨ ਦੇ ਗੋਲੀ ਲੱਗੀ। ਪੁਲਿਸ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਗ੍ਰਿਫਤਾਰ ਕੀਤੇ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ।