ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

ਜਲੰਧਰ, 19 ਜੁਲਾਈ-ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ, 114 ਸਾਲਾ ਫੌਜਾ ਸਿੰਘ ਦਾ ਸੋਮਵਾਰ, 14 ਜੁਲਾਈ ਨੂੰ ਸੜਕ ਹਾਦਸਾ ਹੋਇਆ ਸੀ ਅਤੇ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰ ਨਾਲ ਫੌਜਾ ਸਿੰਘ ਦੀ ਟੱਕਰ ਹੋਈ ਸੀ, ਉਸ ਨੂੰ ਪੁਲਿਸ ਨੇ ਕਈ ਘੰਟਿਆਂ ਬਾਅਦ ਬਰਾਮਦ ਕਰ ਲਿਆ ਅਤੇ ਕਾਰ ਚਾਲਕ, ਐਨ.ਆਰ.ਆਈ. ਦੋਸ਼ੀ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪੁਲਿਸ ਨੇ 30 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲਾ ਹੱਲ ਕਰ ਲਿਆ ਸੀ ਪਰ ਮੈਰਾਥਨ ਦੌੜਾਕ ਫੌਜਾ ਸਿੰਘ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਹੋਣ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਦੇਰੀ ਹੋ ਗਈ ਅਤੇ ਕੱਲ੍ਹ ਐਤਵਾਰ 12 ਵਜੇ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਹੋਵੇਗਾ।
ਫੌਜਾ ਸਿੰਘ ਦੇ ਛੋਟੇ ਪੁੱਤਰ ਹਰਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਤਿਮ ਸੰਸਕਾਰ ਵਿਚ ਆਉਣ ਬਾਰੇ ਦੱਸਿਆ। ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸ਼ੋਕ ਪ੍ਰਗਟ ਕਰਨ ਲਈ ਫੌਜਾ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।