ਯਮੁਨਾ ਐਕਸਪ੍ਰੈਸਵੇਅ ’ਤੇ ਵਾਪਰਿਆ ਭਿਆਨਕ ਹਾਦਸਾ, 6 ਦੀ ਮੌਤ

ਮਥੁਰਾ, (ਯੂ.ਪੀ.), 19 ਜੁਲਾਈ- ਮਥੁਰਾ ਦੇ ਬਲਦੇਵ ਵਿਚ ਯਮੁਨਾ ਐਕਸਪ੍ਰੈਸਵੇਅ ’ਤੇ ਇਕ ਭਿਆਨਕ ਹਾਦਸਾ ਵਾਪਰਿਆ। ਇਕ ਅਣ-ਪਛਾਤੇ ਵਾਹਨ ਦੀ ਟੱਕਰ ਤੋਂ ਬਾਅਦ ਇਕ ਕਾਰ ਪਲਟ ਗਈ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਦੀ ਹਾਲਤ ਗੰਭੀਰ ਹੈ। ਕਾਰ ਸਵਾਰ ਨੋਇਡਾ ਤੋਂ ਆਗਰਾ ਆ ਰਹੇ ਸਨ।
ਮਥੁਰਾ ਦੇ ਬਲਦੇਵ ਥਾਣਾ ਖੇਤਰ ਵਿਚ ਯਮੁਨਾ ਐਕਸਪ੍ਰੈਸਵੇਅ ਮਾਈਕ ਸਟੋਨ 140 ’ਤੇ ਦੁਪਹਿਰ 3 ਵਜੇ ਦੇ ਕਰੀਬ ਇਕ ਅਣ-ਪਛਾਤੇ ਵਾਹਨ ਨੇ ਇਕ ਈਕੋ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਛੇ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਈਕੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਬਾਰੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਈਕੋ ਕਾਰ ਸਵਾਰ ਨੋਇਡਾ ਤੋਂ ਆਗਰਾ ਆ ਰਹੇ ਸਨ। ਕਾਰ ਸਵਾਰ ਧਰਮਵੀਰ ਪੁੱਤਰ ਜਵਾਰ ਸਿੰਘ ਵਾਸੀ ਪਿੰਡ ਹਰਲਾਲਪੁਰਾ ਥਾਣਾ ਬਸੋਨੀ ਆਗਰਾ, ਰੋਹਿਤ ਪੁੱਤਰ ਧਰਮਵੀਰ, ਆਰੀਅਨ ਪੁੱਤਰ ਧਰਮਵੀਰ ਬਸੋਨੀ ਆਗਰਾ, ਦਲਵੀਰ ਉਰਫ ਛੁੱਲੇ ਅਤੇ ਪਾਰਸ ਸਿੰਘ ਤੋਮਰ ਪੁੱਤਰ ਵਿਸ਼ਵਨਾਥ ਸਿੰਘ ਵਾਸੀ ਪਿੰਡ ਬੱਧਪੁਰਾ ਹੁਸੈਦ ਥਾਣਾ ਮਹੋਬਾ ਮੱਧ ਪ੍ਰਦੇਸ਼ ਆਦਿ ਦੀ ਮੌਕੇ ’ਤੇ ਹੀ ਮੌਤ ਹੋ ਗਈ। ਧਰਮਵੀਰ ਦੀ ਪਤਨੀ ਸੋਨੀ ਅਤੇ ਧਰਮਵੀਰ ਦੀ ਧੀ ਪਾਇਲ, ਜੋ ਕਿ ਹਲਾਲਪੁਰ, ਬਸੋਨੀ ਥਾਣਾ, ਆਗਰਾ ਦੇ ਵਸਨੀਕ ਹਨ, ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
ਅਧਿਕਾਰੀਆਂ ਵਲੋਂ ਅਣ-ਪਛਾਤੇ ਵਾਹਨ ਦਾ ਪਤਾ ਲਗਾਇਆ ਜਾ ਰਿਹਾ ਹੈ।