ਦਾਜ ਲਈ ਤੰਗ ਪ੍ਰੇਸ਼ਾਨ ਕਰਨ 'ਤੇ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ

ਮਾਛੀਵਾੜਾ ਸਾਹਿਬ, 19 ਜੂਨ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਰੌਡ਼ ਦੀ ਰਹਿਣ ਵਾਲੀ ਪਿੰਕੀ ਕੌਰ (29) ਜੋ ਕਿ ਨੇੜਲੇ ਹੀ ਪਿੰਡ ਢੋਲਣਵਾਲ ਵਿਖੇ ਵਿਆਹੀ ਹੋਈ ਸੀ ਜੋ ਅੱਜ ਦਾਜ ਦੀ ਬਲੀ ਚੜ੍ਹ ਗਈ। ਆਪਣੀ ਸੱਸ ਤੇ ਪਤੀ ਤੋਂ ਦੁਖੀ ਹੋ ਕੇ ਡੇਢ ਸਾਲ ਪਹਿਲਾਂ ਵਿਆਹੀ ਪਿੰਕੀ ਕੌਰ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਫਤਹਿ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਢੋਲਣਵਾਲ ਦੇ ਵਾਸੀ ਅੰਗਰੇਜ਼ ਸਿੰਘ ਨਾਲ ਹੋਇਆ ਸੀ, ਜਿਸ ਵਿਚ ਉਨ੍ਹਾਂ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰ ਆਪਣੀ ਸਮਰੱਥਾ ਤੋਂ ਵੱਧ ਦਾਜ ਦਿੱਤਾ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸਦੀ ਭੈਣ ਦਾ ਪਤੀ ਅੰਗਰੇਜ਼ ਸਿੰਘ ਤੇ ਉਸਦੀ ਸੱਸ ਹੁਕਮ ਕੌਰ ਘੱਟ ਦਾਜ ਲਿਆਉਣ ਕਾਰਨ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਅਕਸਰ ਲੜਾਈ ਕਰਦੇ ਸਨ। ਲੰਘੀ 16 ਜੂਨ ਨੂੰ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੀ ਭੈਣ ਨੇ ਸਹੁਰੇ ਘਰ ਵਿਚ ਆਪਣੇ ਆਪ ਨੂੰ ਅੱਗ ਲਗਾ ਲਈ ਹੈ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ। ਗੰਭੀਰ ਹਾਲਤ ਵਿਚ ਉਸ ਨੂੰ ਸੀ.ਐੱਮ.ਸੀ. ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾਲ ਝੱਲਦੀ ਹੋਈ ਦਮ ਤੋੜ ਗਈ। ਫਤਹਿ ਸਿੰਘ ਅਨੁਸਾਰ ਉਨ੍ਹਾਂ ਨੂੰ ਸ਼ੰਕਾ ਹੈ ਕਿ ਉਸ ਦੀ ਭੈਣ ਨੂੰ ਅੱਗ ਲਗਾ ਕੇ ਸਾੜਿਆ ਗਿਆ ਹੈ, ਜਿਸ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।