ਅਮਰੀਕਾ 'ਚ ਸੰਸਦ ਮੈਂਬਰ ਤੇ ਉਸ ਦੇ ਪਤੀ ਦੀ ਗੋਲੀਆਂ ਮਾਰ ਕੇ ਹੱਤਿਆ

ਇਕ ਹੋਰ ਸੰਸਦ ਮੈਂਬਰ ਤੇ ਉਸ ਦੀ ਪਤਨੀ ਜ਼ਖ਼ਮੀ
ਬਲੇਨ (ਅਮਰੀਕਾ), 14 ਜੂਨ (ਏਜੰਸੀ)-ਅਮਰੀਕਾ ਦੇ ਮਿਨੀਸੋਟਾ ਦੇ ਬਰੁਕਲਿਨ ਪਾਰਕ ਅਤੇ ਚੈਂਪਲਿਨ 'ਚ ਡੈਮੋਕ੍ਰੇਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਗੋਲੀਆਂ ਮਾਰ ਦੇਣ ਦੀ ਖ਼ਬਰ ਹੈ, ਜਿਸ 'ਚ ਇਕ ਦੀ ਮੌਤ ਹੋ ਗਈ, ਜਦੋਂਕਿ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ | ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੁਕਲਿਨ ਪਾਰਕ ਵਿਖੇ ਘਰ 'ਚ ਵੜ ਕੇ ਕੀਤੇ ਗਏ ਹਮਲੇ 'ਚ ਸਾਬਕਾ ਸਪੀਕਰ ਤੇ ਸੰਸਦ ਮੈਂਬਰ ਮੇਲਿਸਾ ਹੌਰਟਮੈਨ ਤੇ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ | ਜਦਕਿ ਚੈਂਪਲਿਨ ਵਿਖੇ ਇਸੇ ਤਰ੍ਹਾਂ ਦੇ ਇਕ ਹੋਰ ਹਮਲੇ 'ਚ ਸੰਸਦ ਮੈਂਬਰ ਜੌਹਨ ਹਾਫਮੈਨ ਤੇ ਉਨ੍ਹਾਂ ਦੀ ਪਤਨੀ ਯਵੇਟ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਹਾਫਮੈਨ ਤੇ ਉਨ੍ਹਾਂ ਦੀ ਪਤਨੀ ਦੀ ਸਰਜਰੀ ਸਫਲ ਹੋ ਗਈ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ | ਵਾਲਜ਼ ਨੇ ਇਸ ਨੂੰ ਇਕ ਰਾਜਨੀਤਿਕ ਹਮਲਾ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਦੋਵੇਂ ਸੰਸਦ ਮੈਂਬਰ ਇਕ ਦੂਜੇ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ 'ਤੇ ਰਹਿੰਦੇ ਹਨ | ਮਿਨੀਸੋਟਾ ਦੇ ਬਿਊਰੋ ਆਫ਼ ਕਿ੍ਮੀਨਲ ਆਪ੍ਰੇਸ਼ਨ (ਬੀ.ਸੀ.ਏ.) ਦੇ ਮੁਖੀ ਡਿ੍ਊ ਇਵਾਨਸ ਨੇ ਕਿਹਾ ਕਿ ਪੁਲਿਸ ਇਕ ਸ਼ੱਕੀ ਦੀ ਭਾਲ ਕਰ ਰਹੀ ਹੈ, ਜੋ ਪੁਲਿਸ ਵਰਦੀ 'ਚ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਦਾ ਭੇਸ ਬਦਲ ਕੇ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ | ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ 'ਚ ਇਕ ਸ਼ੱਕੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਹਾਲਾਂਕਿ ਉਸ ਦੀ ਪਛਾਣ ਅਜੇ ਤੱਕ ਪ੍ਰਗਟ ਨਹੀਂ ਕੀਤੀ ਗਈ ਹੈ, ਜਦਕਿ ਹੋਰ ਸ਼ੱਕੀ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ | ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੈਨੂੰ ਮਿਨੀਸੋਟਾ 'ਚ ਹੋਈ ਇਸ ਭਿਆਨਕ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ, ਜੋ ਕਿ ਸਪੱਸ਼ਟ ਤੌਰ 'ਤੇ ਰਾਜ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ | ਅਮਰੀਕਾ 'ਚ ਅਜਿਹੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਐਫ.ਬੀ.ਆਈ. ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਹਨ |
<br/>