5 ਲੱਖ ਰੁਪਏ ਦੇ ਇਨਾਮ ਵਾਲਾ ਚੋਟੀ ਦਾ ਮਾਓਵਾਦੀ ਕਮਾਂਡਰ ਮੁਕਾਬਲੇ ਵਿਚ ਮਾਰਿਆ ਗਿਆ

ਰਾਏਪੁਰ, 11 ਜੂਨ: ਛੱਤੀਸਗੜ੍ਹ ਦੇ ਪੁਸਗੁਨਾ ਜੰਗਲੀ ਖੇਤਰ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਦੋ ਮਾਓਵਾਦੀ, ਜਿਨ੍ਹਾਂ ਵਿਚ 5 ਲੱਖ ਰੁਪਏ ਦੇ ਇਨਾਮ ਵਾਲਾ ਇਕ ਸਥਾਨਕ ਸੰਗਠਨ ਸਕੁਐਡ ਕਮਾਂਡਰ ਵੀ ਸ਼ਾਮਲ ਸੀ, ਨੂੰ ਮਾਰ ਦਿੱਤਾ ਗਿਆ। ਸੁਕਮਾ ਜ਼ਿਲ੍ਹੇ ਵਿਚ ਹੋਇਆ ਇਹ ਮੁਕਾਬਲਾ, ਕੋਂਟਾ ਖੇਤਰ ਵਿਚ ਮਾਓਵਾਦੀਆਂ ਦੁਆਰਾ ਕੀਤੇ ਗਏ ਇਕ ਆਈ.ਈ.ਡੀ. ਧਮਾਕੇ ਵਿਚ ਵਧੀਕ ਪੁਲਿਸ ਸੁਪਰਡੈਂਟ ਆਕਾਸ਼ ਰਾਓ ਗਿਰੇਪੁੰਜੇ ਦੇ ਸ਼ਹੀਦ ਹੋਣ ਤੋਂ ਇਕ ਦਿਨ ਬਾਅਦ ਹੋਇਆ ਹੈ। ਖ਼ਾਸ ਖ਼ੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਕੁਕਾਨਾਰ ਪੁਲਿਸ ਅਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇਕ ਸਾਂਝੀ ਟੀਮ ਨੇ ਇਕ ਕਾਰਵਾਈ ਸ਼ੁਰੂ ਕੀਤੀ। ਸੰਘਣੇ ਜੰਗਲਾਂ ਵਿਚ ਭਿਆਨਕ ਗੋਲੀਬਾਰੀ ਹੋਈ। ਇਕ ਔਰਤ ਸਮੇਤ 2 ਮਾਓਵਾਦੀ ਮਾਰੇ ਗਏ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਬਾਮਨ ਵਜੋਂ ਹੋਈ ਹੈ, ਜਿਸ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਮੁਠਭੇੜ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਇਕ ਰਾਈਫਲ, ਇਕ 12 ਬੋਰ ਦਾ ਬੰਦੂਕ, ਜ਼ਿੰਦਾ ਗੋਲਾ ਬਾਰੂਦ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ।