ਬਾਬਾ ਸਿੱਦੀਕੀ ਕਤਲ ਦਾ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਕੈਨੇਡਾ ਵਿਚ ਕਾਬੂ

ਨਵੀਂ ਦਿੱਲੀ, 10 ਜੂਨ - ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਨੂੰ ਕੈਨੇਡੀਅਨ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਮੁੰਬਈ ਪੁਲਿਸ ਦੇ ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪਤਾ ਹੈ ਕਿ ਜ਼ੀਸ਼ਾਨ ਇਸ ਸਮੇਂ ਕੈਨੇਡੀਅਨ ਪੁਲਿਸ ਦੀ ਹਿਰਾਸਤ ਵਿਚ ਹੈ। ਜ਼ੀਸ਼ਾਨ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਜ਼ੀਸ਼ਾਨ ਅਖਤਰ ਬਾਬਾ ਸਿੱਦੀਕੀ ਦੇ ਕਤਲ ਵਿਚ ਸ਼ਾਮਿਲ ਸ਼ੂਟਰਾਂ ਦਾ ਹੈਂਡਲਰ ਸੀ। ਜ਼ੀਸ਼ਾਨ ਅਖਤਰ ਮੂਲ ਰੂਪ ਵਿਚ ਜਲੰਧਰ ਦਾ ਰਹਿਣ ਵਾਲਾ ਹੈ ਅਤੇ 12 ਅਕਤੂਬਰ 2024 ਨੂੰ ਮੁੰਬਈ ਦੇ ਬਾਂਦਰਾ ਇਲਾਕੇ ਵਿਚ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਵਿਚ ਸ਼ਾਮਿਲ ਮੁੱਖ ਸਾਜ਼ਿਸ਼ਕਾਰਾਂ ਵਿਚੋਂ ਇਕ ਹੈ। ਜਲੰਧਰ ਦੇ ਰਹਿਣ ਵਾਲੇ ਜ਼ੀਸ਼ਾਨ ਅਖਤਰ, ਜਿਸ ਦਾ ਅਸਲੀ ਨਾਂਅ ਮੁਹੰਮਦ ਯਾਸੀਨ ਅਖ਼ਤਰ ਹੈ ਨੂੰ 2022 ਵਿਚ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਬਾਬਾ ਸਿੱਦੀਕੀ ਦੇ ਕਤਲ ਦੀ ਚੱਲ ਰਹੀ ਜਾਂਚ ਵਿਚ ਜ਼ੀਸ਼ਾਨ ਅਖਤਰ ਦਾ ਨਾਂਅ ਸਾਹਮਣੇ ਆਇਆ ਸੀ।